ਅਸਤੀਫਾ ਦੇ ਦੇਵਾਂਗਾ, ਮਿਲਟਰੀ ਸ਼ਾਸਨ ਦਾ ਸਮਰਥਨ ਨਹੀਂ ਕਰਾਂਗਾ : ਪਾਕਿ ਚੀਫ ਜਸਟਿਸ

04/06/2018 2:54:26 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਚੀਫ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਦੇਸ਼ ਵਿਚ ਮਿਲਟਰੀ ਸ਼ਾਸਨ ਲਗਾਏ ਜਾਣ ਦੀ ਸੰਭਾਵਨਾ ਅਤੇ ਅਫਵਾਹਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਉਹ ਅਸਤੀਫਾ ਦੇ ਦੇਣਗੇ ਪਰ ਅਜਿਹੇ ਕਿਸੇ ਵੀ ਕਦਮ ਦਾ ਕਦੇ ਵੀ ਸਮਰਥਨ ਨਹੀਂ ਕਰਨਗੇ। ਜਸਟਿਸ ਨਿਸਾਰ ਨੇ ਭਰੋਸਾ ਦਿੱਤਾ ਕਿ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦੇ ਦੇਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਨਤਾ ਉਨ੍ਹਾਂ 'ਤੇ ਭਰੋਸਾ ਕਰੇ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਇਮਾਰਤ ਵਿਚ ਇਕ ਆਡੀਟੋਰੀਅਮ ਦਾ ਨਾਂ ਬਦਲ ਕੇ ਮਰਹੂਮ ਮਨੁੱਖੀ ਅਧਿਕਾਰ ਕਾਰਜਕਰਤਾ ਆਸਮਾ ਜਹਾਂਗੀਰ ਦੇ ਨਾਂ 'ਤੇ ਰੱਖਣ ਦੇ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਨਿਸਾਰ ਨੇ ਕਿਹਾ,''ਸੰਵਿਧਾਨ ਵਿਚ ਕਿਸੇ ਵੀ ਤਰ੍ਹਾਂ ਦੇ ਮਿਲਟਰੀ ਸ਼ਾਸਨ ਲਈ ਕੋਈ ਜਗ੍ਹਾ ਨਹੀਂ ਹੈ।'' ਉਨ੍ਹਾਂ ਨੇ ਕਿਹਾ,''ਜੇ ਮੈਂ ਇਸ ਮਿਲਟਰੀ ਸ਼ਾਸਨ ਨੂੰ ਰੋਕ ਨਹੀਂ ਪਾਉਂਦਾ ਤਾਂ ਘਰ ਵਾਪਸ ਪਰਤ ਜਾਵਾਂਗਾ ਪਰ ਅਜਿਹੇ ਕਿਸੇ ਵੀ ਕਦਮ ਦਾ ਸਮਰਥਨ ਨਹੀਂ ਕਰਾਂਗਾ।''