ਮੈਂ ਨੋਬੇਲ ਸ਼ਾਂਤੀ ਪੁਰਸਕਾਰ ਦਾ ਹੱਕਦਾਰ ਹਾਂ : ਡੋਨਾਲਡ ਟਰੰਪ

01/10/2020 10:54:08 PM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਦੇ ਚੋਣ ਪ੍ਰਚਾਰ ਦੀ ਰੈਲੀ 'ਚ ਇਹ ਤਰਕ ਦਿੱਤਾ ਕਿ ਕੁਦਸ ਫੋਰਸ ਦੇ ਪ੍ਰਮੁੱਖ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਲਈ ਡ੍ਰੋਨ ਹਮਲੇ ਦਾ ਆਦੇਸ਼ ਕੇ ਅਮਰੀਕੀ ਨਾਗਰਿਕਾਂ ਦੇ ਨਾਲ ਨਿਆਂ ਕੀਤਾ ਹੈ। ਇਸ ਦੇ ਲਈ ਮੈਂ ਨੋਬੇਲ ਪੁਰਸਕਾਰ ਦਾ ਹੱਕਦਾਰ ਹਾਂ। ਜਦਕਿ ਡੈਮੋਕ੍ਰੇਟ ਨੇਤਾਵਾਂ ਨੇ ਡੋਨਾਲਡ ਟਰੰਪ ਦੇ ਇਸ ਫੈਸਲੇ 'ਤੇ ਸਵਾਲ ਚੁੱਕੇ ਅਤੇ ਆਖਿਆ ਕਿ ਬਿਨਾਂ ਕਿਸੇ ਵਿਚਾਰ ਦੇ ਇਹ ਕਦਮ ਚੁੱਕਿਆ ਗਿਆ ਹੈ। ਵਿਰੋਧੀ ਧਿਰ ਨੇ ਸਦਨ 'ਚ ਇਕ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਆਖਿਆ ਕਿ ਰਾਸ਼ਟਰਪਤੀ ਟਰੰਪ ਨੂੰ ਈਰਾਨ ਖਿਲਾਫ ਅੱਗੇ ਦੀ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਕਾਂਗਰਸ ਤੋਂ ਸਲਾਹ ਲੈਣੀ ਚਾਹੀਦੀ ਸੀ।

ਮੈਂ ਅਮਰੀਕਾ ਨੂੰ ਬਚਾਇਆ
ਟਰੰਪ ਨੇ ਆਖਿਆ ਕਿ ਉਨ੍ਹਾਂ ਨੇ ਕਦੇ ਨੋਬੇਲ ਪੁਰਸਕਾਰ ਨਹੀਂ ਜਿੱਤਿਆ ਹੈ। 2019 ਦੇ ਨੋਬੇਲ ਪੁਰਸਕਾਰ ਜੇਤੂ, ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਵੱਲ ਇਸ਼ਾਰਾ ਕਰਦੇ ਹੋਏ ਆਖਿਆ ਕਿ ਉਹ ਖੁਦ ਵੀ ਇਸ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਆਖਿਆ ਕਿ ਮੈਂ ਇਕ ਦੇਸ਼ ਨੂੰ ਬਚਾਇਆ ਅਤੇ ਮੈਂ ਸੁਣਿਆ ਕਿ ਦੇਸ਼ ਦੇ ਪ੍ਰਮੁੱਖ ਨੂੰ ਦੇਸ਼ ਨੂੰ ਬਚਾਉਣ ਲਈ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ ਹੈ।

ਪਿਛਲੇ ਹਫਤੇ ਕਾਸਿਮ ਸੁਲੇਮਾਨੀ ਦੀ ਹੱਤਿਆ ਨੇ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਨੂੰ ਵਧਾ ਦਿੱਤਾ ਹੈ। ਜਵਾਬੀ ਕਾਰਵਾਈ 'ਚ ਈਰਾਨ ਨੇ ਗੁਆਂਢੀ ਇਰਾਕ 'ਚ ਅਮਰੀਕਾ ਦੇ 2 ਫੌਜੀ ਅੱਡਿਆਂ 'ਤੇ ਕਈ ਮਿਜ਼ਾਈਲਾਂ ਦਾਗੀਆਂ, ਜਿੱਥੇ ਸੈਂਕੜੇ ਅਮਰੀਕੀ ਫੌਜੀ ਸਨ। ਇਸ ਹਮਲੇ 'ਚ ਅਮਰੀਕਾ ਜਾਂ ਇਰਾਕੀ ਫੌਜੀਆਂ ਦੇ ਜ਼ਖਮੀਆਂ ਹੋਣ ਦੀ ਖਬਰ ਨਹੀਂ ਹੈ। ਟਰੰਪ ਨੇ ਆਖਿਆ ਉਨ੍ਹਾਂ ਕੋਲ ਈਰਾਨ ਖਿਲਾਫ ਅੱਗੇ ਦੀ ਫੌਜੀ ਕਾਰਵਾਈ ਕਰਨ ਦੀ ਅਜੇ ਕੋਈ ਯੋਜਨਾ ਨਹੀਂ ਹੈ, ਇਸ ਦੀ ਬਜਾਏ ਉਹ ਇਸਲਾਮੀ ਗਣਰਾਜ ਖਿਲਾਫ ਹੋਰ ਸਖਤ ਪਾਬੰਦੀਆਂ ਨੂੰ ਲਾਗੂ ਕਰਨਗੇ। ਈਰਾਨ ਨੇ ਟਰੰਪ ਲਈ 2020 ਦੇ ਰਾਸ਼ਟਰਪਤੀ ਚੋਣ ਅਭਿਆਨ 'ਚ ਇਕ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਆਖਿਆ ਕਿ ਰਾਸ਼ਟਰਪਤੀ ਨੇ ਇਕ ਖਤਰਨਾਕ ਅੱਤਵਾਦੀ ਨੂੰ ਢੇਰ ਕਰਾਇਆ ਹੈ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦ ਦੁਨੀਆ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਅੱਤਵਾਦੀ ਤੋਂ ਖਤਰਾ ਸੀ।

Khushdeep Jassi

This news is Content Editor Khushdeep Jassi