ਬਹਾਮਾਸ ''ਚ ਤੂਫਾਨ ਕਾਰਨ ਬਰਬਾਦ ਹੋਏ ਲੋਕਾਂ ਦੀ ਯੂ. ਐੱਨ. ਕਰੇਗਾ ਮਦਦ

09/05/2019 12:58:34 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਮਹਾਸਕੱਤਰ ਐਂਟੋਨੀਓ ਗੁਤਾਰੇਸ ਡੋਰੀਅਨ ਤੂਫਾਨ ਨਾਲ ਪ੍ਰਭਾਵਿਤ ਹਜ਼ਾਰਾਂ ਲੋਕਾਂ ਲਈ ਕਾਫੀ ਚਿੰਤਾ 'ਚ ਹਨ। ਇਸ ਸ਼ਕਤੀਸ਼ਾਲੀ ਤੂਫਾਨ ਨੇ ਕੈਰੀਬੀਅਨ ਖੇਤਰ ਦੇ ਉੱਤਰੀ ਬਹਾਮਾ ਦੇ ਕਈ ਹਿੱਸਿਆਂ 'ਚ ਤਬਾਹੀ ਮਚਾਈ ਹੈ। ਸੰਯੁਕਤ ਰਾਸ਼ਟਰ ਦੇ ਰਾਹਤ ਮੁਖੀ ਮਾਰਕ ਲੋਕਾਕ ਸਰਕਾਰੀ ਨੇਤਾਵਾਂ ਨੂੰ ਮਿਲਣ ਅਤੇ ਬਚਾਅ ਮੁਹਿੰਮ ਤੇਜ਼ ਕਰਨ 'ਚ ਮਦਦ ਲਈ ਬੁੱਧਵਾਰ ਨੂੰ ਟਾਪੂ ਦੇਸ਼ ਗਏ। ਉਨ੍ਹਾਂ ਨੇ ਦੱਸਿਆ ਕਿ ਬਹਾਮਾ ਦੀ ਮਦਦ ਲਈ ਕੇਂਦਰੀ ਐਮਰਜੈਂਸੀ ਰਾਹਤ ਰਾਸ਼ੀ ਰਾਹੀਂ ਤਤਕਾਲ 10 ਲੱਖ ਡਾਲਰ ਦੀ ਧਨਰਾਸ਼ੀ ਜਾਰੀ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਉਹ ਗ੍ਰੈਂਡ ਬਹਾਮਾ ਅਤੇ ਐਬਾਕੋ 'ਚ ਪ੍ਰਭਾਵਿਤ ਹੋਏ ਹਜ਼ਾਰਾਂ ਲੋਕਾਂ ਲਈ ਕਾਫੀ ਚਿੰਤਾ 'ਚ ਹਨ। ਉਨ੍ਹਾਂ ਨੇ ਤੂਫਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਸਾਂਝੀ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਬੁੱਧਵਾਰ ਦੇਰ ਰਾਤ ਬਹਾਮਾ ਤੋਂ ਵਾਪਸ ਆਉਣ 'ਤੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਲੋਕਾਕ ਨੇ ਕਿਹਾ ਕਿ ਕਾਫੀ ਵੱਡੇ ਪੈਮਾਨੇ 'ਤੇ ਨੁਕਸਾਨ ਹੋਇਆ ਹੈ ਅਤੇ ਗ੍ਰੈਂਡ ਬਹਾਮਾ ਤੇ ਐਬਾਕੋ ਦੋਵੇਂ ਟਾਪੂਆਂ 'ਤੇ ਤਕਰੀਬਨ 70,000 ਲੋਕਾਂ ਨੂੰ ਤਤਕਾਲ ਮਦਦ ਦੀ ਜ਼ਰੂਰਤ ਹੈ।