NSW ''ਚ ਗਰਭਪਾਤ ਬਿੱਲ ਪਾਸ ਕਰਵਾਉਣ ਲਈ ਕੱਢੀ ਗਈ ਰੈਲੀ

07/31/2019 2:22:34 PM

ਸਿਡਨੀ— ਆਸਟ੍ਰੇਲੀਆ ਦਾ ਇਕੋ ਅਜਿਹਾ ਸੂਬਾ ਹੈ ਜਿੱਥੇ ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਨੂੰ ਸਜ਼ਾ ਮਿਲਦੀ ਹੈ। ਅਸੀਂ ਗੱਲ ਕਰ ਰਹੇ ਹਾਂ ਨਿਊ ਸਾਊਥ ਵੇਲਜ਼ ਸੂਬੇ ਦੀ, ਜਿੱਥੇ ਅੱਜ ਵੀ ਔਰਤਾਂ ਨੂੰ ਗਰਭਪਾਤ ਕਰਵਾਉਣ 'ਤੇ ਦੋਸ਼ੀ ਮੰਨਿਆ ਜਾਂਦਾ ਹੈ ਤੇ ਸਜ਼ਾ ਦਿੱਤੀ ਜਾਂਦੀ ਹੈ। ਆਸਟ੍ਰੇਲੀਆ ਦੀ ਸੰਸਦ 'ਚ ਵੀ ਗਰਭਪਾਤ ਸਬੰਧੀ ਬਿੱਲ ਨੂੰ ਪਾਸ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਬਿੱਲ ਨੂੰ ਪੇਸ਼ ਕਰਨ 'ਚ ਦੇਰੀ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ 'ਚ ਅੱਜ ਲੋਕਾਂ ਨੇ ਰੈਲੀ ਕੱਢੀ। ਇਸ 'ਚ ਵਿਰੋਧੀ ਦਲ ਦੇ ਨੇਤਾਵਾਂ ਨੇ ਵੀ ਹਿੱਸਾ ਲਿਆ।
 

ਵਿਰੋਧ ਕਰਨ ਵਾਲੇ 'ਸਾਡਾ ਸਰੀਰ, ਸਾਡੀ ਮਰਜ਼ੀ' ਵਾਲੇ ਨਾਅਰਾ ਲਗਾ ਰਹੇ ਹਨ। ਸਿਡਨੀ ਦੇ ਆਜ਼ਾਦ ਐੱਮ.ਪੀ. ਅਲੈਕਸ ਗ੍ਰੀਨਵਿਚ ਵਲੋਂ ਵੀਰਵਾਰ ਨੂੰ 'ਦਿ ਰੀਪ੍ਰੋਡਕਟਿਵ ਹੈਲਥ ਕੇਅਰ ਰਿਫੋਰਮ ਬਿੱਲ' ਪੇਸ਼ ਕੀਤਾ ਜਾਵੇਗਾ। ਰੈਲੀ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਅਤੇ ਵਿਰੋਧੀ ਦਲ ਦੀ ਨੇਤਾ ਦੇ ਅਹੁਦੇ ਔਰਤਾਂ ਕੋਲ ਹਨ, ਇਸ ਲਈ ਸਾਰੀਆਂ  ਔਰਤਾਂ ਨੂੰ ਮਿਲ ਕੇ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਨਿਊ ਸਾਊਥ ਵੇਲਜ਼ 'ਚ ਸਿਰਫ ਉਸ ਔਰਤ ਨੂੰ ਗਰਭਪਾਤ ਕਰਵਾਉਣ ਦੀ ਆਜ਼ਾਦੀ ਹੁੰਦੀ ਹੈ ਜੋ ਦਿਮਾਗੀ ਜਾਂ ਸਰੀਰਕ ਰੂਪ ਤੋਂ ਬੱਚੇ ਨੂੰ ਜਨਮ ਦੇਣ ਦੇ ਕਾਬਲ ਨਾ ਹੋਵੇ ਅਤੇ ਦੋ ਡਾਕਟਰ ਉਸ ਨੂੰ ਇਸ ਗੱਲ ਦੀ ਹਾਮੀ ਭਰਨ। ਇਸ ਤੋਂ ਇਲਾਵਾ ਜੇਕਰ ਕੋਈ ਔਰਤ ਗਰਭਪਾਤ ਕਰਵਾਉਂਦੀ ਹੈ ਤਾਂ ਉਸ ਨੂੰ ਅਤੇ ਡਾਕਟਰ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ।

ਹਾਲਾਂਕਿ ਬਹੁਤ ਸਾਰੇ ਲੋਕ ਇਸ ਬਿੱਲ ਦਾ ਵਿਰੋਧ ਵੀ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਇਹ ਅੱਤਿਆਚਾਰ ਹੈ ਤੇ ਕੁਦਰਤ ਦੇ ਵਿਰੁੱਧ ਹੈ ਪਰ ਫਿਰ ਵੀ ਵੱਡਾ ਤਪਕਾ ਇਸ ਬਿੱਲ ਦੇ ਪਾਸ ਹੋਣ ਦੇ ਹੱਕ 'ਚ ਹੈ।