ਚੀਨ ''ਚ ਵਾਇਰਸ ਦਾ ਖੌਫ , ਸੈਂਕੜੇ ਲੋਕਾਂ ਦੀ ਜਾਨ ਨੂੰ ਖਤਰਾ

01/18/2020 3:27:20 PM

ਬੀਜਿੰਗ— ਚੀਨ 'ਚ ਇਕ ਵਾਇਰਸ ਫੈਲਣ ਕਾਰਨ ਸੈਂਕੜੇ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਵਾਇਰਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਵਾਇਰਸ ਐੱਸ. ਏ. ਆਰ. ਐੱਸ. ਨਾਲ ਮਿਲਦਾ-ਜੁਲਦਾ ਹੈ। ਚੀਨ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਇਸ ਵਾਇਰਸ ਨਾਲ ਦੇਸ਼ 'ਚ 41 ਲੋਕ ਪ੍ਰਭਾਵਿਤ ਹੋਏ ਹਨ। ਵੁਹਾਨ ਦਾ ਇਕ ਸੀਫੂਡ ਬਾਜ਼ਾਰ ਇਸ ਵਾਇਰਸ ਦਾ ਕੇਂਦਰ ਹੈ।
ਲੰਡਨ ਦੇ ਇਮਪੇਰਿਅਲ ਕਾਲਜ ਦੇ ਮਾਹਿਰਾਂ ਨੇ ‘ਐੱਮ. ਆਰ. ਸੀ. ਸੈਂਟਰ ਫਾਰ ਗਲੋਬਲ ਇੰਫੈਕਸ਼ੀਅਸ ਡਿਸੀਜ਼ ਐਨਾਲਿਸਸ’ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਸੈਂਕੜੇ ਤਕ ਹੋ ਸਕਦੀ ਹੈ। ਕੇਂਦਰ ਦੇ ਵਿਗਿਆਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਵੁਹਾਨ 'ਚ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1,723 ਤਕ ਹੋ ਸਕਦੀ ਹੈ। ਚੀਨ ਦੇ ਇਲਾਵਾ ਦੋ ਮਾਮਲੇ ਥਾਈਲੈਂਡ 'ਚ ਅਤੇ ਇਕ ਮਾਮਲਾ ਜਾਪਾਨ 'ਚ ਸਾਹਮਣੇ ਆਇਆ ਹੈ। ਇਸ ਸੋਧ 'ਚ ਸ਼ਾਮਲ ਪ੍ਰੋਫੈਸਰ ਨੀਲ ਫਰਗੁਸਨ ਨੇ ਦੱਸਿਆ ਕਿ ਵੁਹਾਨ ਤੋਂ ਤਿੰਨ ਮਾਮਲੇ ਵਿਦੇਸ਼ਾਂ 'ਚ ਰਿਪੋਰਟ ਕੀਤੇ ਗਏ ਹਨ, ਜਿਸ ਦਾ ਮਤਲਬ ਹੈ ਕਿ ਰਿਪੋਰਟ ਕੀਤੇ ਗਏ ਅੰਕੜਿਆਂ ਦੀ ਤੁਲਨਾ 'ਚ ਹੋਰ ਵਧੇਰੇ ਮਾਮਲੇ ਹੋ ਸਕਦੇ ਹਨ।