ਅਮਰੀਕਾ ਚੀਨੀ ਨਾਗਰਿਕ ਦੀ ਹਵਾਲਗੀ ਲਈ ਕੈਨੇਡਾ ਨੂੰ ਕਰੇਗਾ ਅਪੀਲ

01/23/2019 11:23:18 AM

ਟੋਰਾਂਟੋ/ ਵਾਸ਼ਿੰਗਟਨ(ਏਜੰਸੀ)— ਅਮਰੀਕਾ ਨੇ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੇ ਚੀਨ ਦੀ ਹੁਵੇਈ ਕੰਪਨੀ ਦੀ ਵਿੱਤੀ ਨਿਰਦੇਸ਼ਕ ਮੇਂਗ ਨੂੰ 30 ਜਨਵਰੀ ਦੀ ਸਮਾਂ ਸੀਮਾ ਤੋਂ ਪਹਿਲਾਂ ਹਵਾਲਗੀ ਕਰਨ ਲਈ ਮੰਗ ਕਰਨ ਦੀ ਯੋਜਨਾ ਬਣਾਈ ਹੈ। ਮੇਂਗ ਨੂੰ ਕੈਨੇਡਾ 'ਚ ਅਮਰੀਕਾ ਦੀ ਅਪੀਲ 'ਤੇ ਹਿਰਾਸਤ 'ਚ ਲਿਆ ਗਿਆ ਸੀ। ਨਿਆਂ ਵਿਭਾਗ ਦੇ ਬੁਲਾਰੇ ਮਾਰਕ ਰੇਮੈਂਡੀ ਨੇ ਕਿਹਾ,''ਅਸੀਂ ਮੇਂਗ ਵਾਂਗਝੋਊ ਦੀ ਹਵਾਲਗੀ ਦੀ ਕੋਸ਼ਿਸ਼ ਜਾਰੀ ਰੱਖਾਂਗੇ ਅਤੇ ਉਸ ਦੀ ਅਮਰੀਕਾ ਅਤੇ ਕੈਨੇਡਾ ਦੇ ਸਮਝੌਤੇ ਤਹਿਤ ਤੈਅ ਸਮਾਂ ਸੀਮਾ ਦੇ ਅੰਦਰ ਹਵਾਲਗੀ ਕੀਤੀ ਜਾਵੇਗੀ।''


ਹੁਵੇਈ ਕੰਪਨੀ ਦੇ ਸੰਸਥਾਪਕ ਦੀ ਧੀ ਮੇਂਗ ਨੂੰ ਇਕ ਦਸੰਬਰ ਨੂੰ ਅਮਰੀਕਾ ਦੀ ਅਪੀਲ 'ਤੇ ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ 'ਤੋਂ ਹਿਰਾਸਤ 'ਚ ਲਿਆ ਗਿਆ ਸੀ। ਉਸ ਨੂੰ ਈਰਾਨ 'ਤੇ ਲੱਗੀਆਂ ਰੋਕਾਂ ਦਾ ਉਲੰਘਣ ਕਰਨ ਲਈ ਹਿਰਾਸਤ 'ਚ ਲਿਆ ਗਿਆ ਸੀ। ਦੋਹਾਂ ਦੇਸ਼ਾਂ ਵਿਚਕਾਰ ਸਮਝੌਤੇ ਮੁਤਾਬਕ ਅਮਰੀਕਾ ਨੇ ਗ੍ਰਿਫਤਾਰੀ ਦੇ 60 ਦਿਨ ਬਾਅਦ ਕੈਨੇਡਾ ਤੋਂ ਹਵਾਲਗੀ ਦੀ ਅਪੀਲ ਕੀਤੀ ਹੈ। ਅਪੀਲ ਪੇਸ਼ ਹੋਣ ਮਗਰੋਂ ਕੈਨੇਡਾ ਦਾ ਨਿਆਂ ਮੰਤਰਾਲਾ ਹਵਾਲਗੀ 'ਤੇ ਆਧਾਰਿਤ ਸੁਣਵਾਈ ਸ਼ੁਰੂ ਕਰਨ ਲਈ 30 ਦਿਨ ਦਾ ਸਮਾਂ ਲਵੇਗਾ। ਹਾਲਾਂਕਿ ਇਸ ਪ੍ਰਕਿਰਿਆ ਦੇ ਪੂਰਾ ਹੋਣ 'ਚ ਕਈ ਮਹੀਨਿਆਂ ਤੋਂ ਸਾਲ ਤਕ ਦਾ ਸਮਾਂ ਵੀ ਲੱਗ ਸਕਦਾ ਹੈ।