ਹੁਵੇਈ ਦੀ ਸੀ. ਐੱਫ. ਓ. ਨੂੰ ਮਿਲੀ ਜ਼ਮਾਨਤ

12/12/2018 3:44:51 PM

ਓਟਾਵਾ (ਏਜੰਸੀ)—ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਮੇਂਗ ਵਾਨਝੇਊ ਨੂੰ ਵੈਨਕੁਵਰ ਦੀ ਅਦਾਲਤ ਵਲੋਂ ਜ਼ਮਾਨਤ ਮਿਲ ਗਈ ਹੈ। ਜੱਜ ਨੇ ਕੁਝ ਸ਼ਰਤਾਂ 'ਤੇ ਮੇਂਗ ਨੂੰ ਜ਼ਮਾਨਤ ਦਿੱਤੀ। ਉਸ ਨੂੰ ਹਰ ਸਮੇਂ ਨਿਗਰਾਨੀ 'ਚ ਰਹਿਣਾ ਪਵੇਗਾ ਅਤੇ ਇਲੈਕਟ੍ਰੋਨਿਕ ਟੈਗ ਆਪਣੇ ਪੈਰ ਨਾਲ ਲਗਾ ਕੇ ਰੱਖਣਾ ਪਵੇਗਾ। ਉਸ 'ਤੇ 10 ਮਿਲੀਅਨ ਕੈਨੇਡੀਅਨ ਡਾਲਰ ਦੀ ਜ਼ਮਾਨਤ ਰਾਸ਼ੀ ਨਿਰਧਾਰਤ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਮੇਂਗ ਨੂੰ 1 ਦਸੰਬਰ ਨੂੰ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਸ ਨੇ ਖਰਾਬ ਸਿਹਤ ਦੇ ਆਧਾਰ 'ਚ ਜ਼ਮਾਨਤ ਮੰਗੀ ਸੀ।
ਮੇਂਗ ਦਾ ਕਹਿਣਾ ਹੈ ਕਿ ਉਸ 'ਤੇ ਲੱਗੇ ਦੋਸ਼ਾਂ ਦਾ ਉਹ ਸਾਹਮਣਾ ਕਰੇਗੀ। ਉਸ ਨੇ ਕਿਹਾ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ। ਜੱਜ ਨੇ ਉਸ ਨੂੰ 6 ਫਰਵਰੀ ਨੂੰ ਹਾਜ਼ਰ ਹੋਣ ਦਾ ਹੁਕਮ ਸੁਣਾਇਆ ਹੈ। ਮੇਂਗ ਦੇ ਹੱਕ 'ਚ ਕਈ ਲੋਕ ਨਿੱਤਰੇ ਸਨ ਅਤੇ ਉਨ੍ਹਾਂ ਨੇ ਅਦਾਲਤ ਦੇ ਬਾਹਰ ਹੱਥਾਂ 'ਚ ਬੈਨਰ ਫੜ ਕੇ ਮੇਂਗ ਨੂੰ ਆਜ਼ਾਦ ਕਰਨ ਦੀ ਮੰਗ ਕੀਤੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ 'ਚ ਦਖਲ ਦੇਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਮੇਂਗ 'ਤੇ ਦੋਸ਼ ਹੈ ਕਿ ਉਸ ਨੇ ਅਮਰੀਕੀ ਰੋਕਾਂ ਦੇ ਬਾਵਜੂਦ ਈਰਾਨ ਨਾਲ ਵਪਾਰ ਕੀਤਾ। 46 ਸਾਲਾ ਮੇਂਗ ਹੁਵੇਈ ਦੇ ਸੰਸਥਾਪਕ ਦੀ ਧੀ ਹੈ ਅਤੇ ਕੰਪਨੀ ਦੀ ਮੁੱਖ ਵਿੱਤੀ ਅਧਿਕਾਰੀ ਹੈ। ਉਸ ਨੂੰ ਵਿਦੇਸ਼ ਦੌਰੇ ਦੌਰਾਨ ਹਵਾਈ ਅੱਡੇ ਤੋਂ ਹਿਰਾਸਤ 'ਚ ਲੈ ਲਿਆ ਗਿਆ ਸੀ।