ਨਿਊ ਸਾਊਥ ਵੇਲਜ਼ ''ਚ ਵਾਪਰਿਆ ਹਾਦਸਾ, 3 ਮਰੇ

12/26/2017 11:55:37 AM

ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸਾਊਥ ਕੋਸਟ 'ਚ ਮੰਗਲਵਾਰ ਦੀ ਸਵੇਰ ਨੂੰ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ 'ਚ 3 ਲੋਕਾਂ ਦੀ ਮੌਤ ਅਤੇ ਦੋ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਰਅਸਲ ਸਾਊਥ ਕੋਸਟ 'ਚ ਕਾਰ ਅਤੇ ਕਾਰਵਾਂ (ਕਾਰਵਨ ਭਾਵ ਤੁਰਦਾ-ਫਿਰਦਾ ਘਰ) ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸਾਊਥ ਕੋਸਟ ਦੇ ਪ੍ਰਿੰਸ ਹਾਈਵੇਅ 'ਤੇ ਵਾਪਰਿਆ। 
ਜ਼ਖਮੀ ਹੋਈਆਂ 2 ਔਰਤਾਂ ਨੂੰ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ 'ਚ ਭਰਤੀ ਕਰਾਇਆ ਗਿਆ। ਹਾਦਸੇ ਤੋਂ ਬਾਅਦ ਪ੍ਰਿੰਸ ਹਾਈਵੇਅ ਨੂੰ ਦੋਹਾਂ ਪਾਸਿਓਂ ਬੰਦ ਕਰ ਦਿੱਤਾ ਗਿਆ। ਨਿਊ ਸਾਊਥ ਵੇਲਜ਼ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਟ੍ਰੈਫਿਕ ਅਤੇ ਹਾਈਵੇਅ ਪੈਟਰੋਲ ਕਮਾਂਡਰ ਸਹਾਇਕ ਕਮਿਸ਼ਨਰ ਮਾਈਕਲ ਕੋਰਬੋ ਨੇ ਕਿਹਾ ਕਿ ਬੀਤੇ ਸਾਲ ਵੀ ਕਈ ਜਾਨ ਜਾ ਚੁੱਕੀਆਂ ਹਨ। ਪੁਲਸ ਨੇ ਨਿਊ ਸਾਊਥ ਵੇਲਜ਼ ਦੀਆਂ ਸੜਕਾਂ 'ਤੇ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਹਿਦਾਇਤ ਦਿੱਤੀ ਹੈ। ਪੁਲਸ ਵਲੋਂ ਸੂਬੇ 'ਚ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਸੁਰੱਖਿਆ ਮੁਹਿੰਮ ਚਲਾਈ ਗਈ ਹੈ। ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਲੋਕ ਸੜਕਾਂ 'ਤੇ ਤੇਜ਼ ਰਫਤਾਰ, ਸ਼ਰਾਬ ਜਾਂ ਨਸ਼ੇ 'ਚ ਡਰਾਈਵਿੰਗ, ਮੋਬਾਈਲ ਦੀ ਵਰਤੋਂ ਅਤੇ ਸੀਟ ਬੈਲਟ ਨਾ ਪਹਿਨ ਕੇ ਡਰਾਈਵ ਕਰਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ।