ਪ੍ਰਦਰਸ਼ਨਾਂ ਵਿਚਕਾਰ ਹਾਂਗਕਾਂਗ ਪੁਲਸ ਦੀ ਚਾਂਦੀ, ਮਿਲਿਆ 850 ਕਰੋੜ ਦਾ ਓਵਰਟਾਈਮ

12/16/2019 12:57:43 PM

ਹਾਂਗਕਾਂਗ— ਹਾਂਗਕਾਂਗ 'ਚ ਲੋਕਤੰਤਰ ਸਮਰਥਕਾਂ ਵਲੋਂ 6 ਮਹੀਨਿਆਂ ਤੋਂ ਜਾਰੀ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਚੀਨ ਸਰਕਾਰ ਅਤੇ ਕਾਰੋਬਾਰੀ ਭਾਵੇਂ ਹੀ ਪ੍ਰੇਸ਼ਾਨ ਹੋਣ ਪਰ ਪੁਲਸ ਦੀ ਚਾਂਦੀ ਹੋ ਗਈ। ਹਾਂਗਕਾਂਗ ਪੁਲਸ ਨੂੰ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ 12 ਕਰੋੜ ਡਾਲਰ (ਤਕਰੀਬਨ 850 ਕਰੋੜ ਰੁਪਏ) ਦਾ ਓਵਰਟਾਈਮ ਮਿਲਿਆ ਹੈ। ਵਿਧਾਨਸਭਾ ਦੀ ਵਿੱਤੀ ਕਮੇਟੀ ਮੁਤਾਬਕ ਏਸ਼ੀਆ ਦੇ ਸਭ ਤੋਂ ਵੱਡੇ ਵਿੱਤੀ ਹਬ ਹਾਂਗਕਾਂਗ 'ਚ ਚੀਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਦੇਸ਼ ਦੀ ਪੁਲਸ ਨੂੰ ਦੇਰ ਰਾਤ ਤਕ ਕੰਮ ਕਰਨਾ ਪਿਆ। ਸੈਲਰੀ ਨੂੰ ਛੱਡ ਦਈਏ ਤਾਂ ਸ਼ਹਿਰ ਦੇ ਤਕਰੀਬਨ 11,000 ਪੁਲਸ ਕਰਮਚਾਰੀਆਂ 'ਚੋਂ ਹਰੇਕ ਨੂੰ ਜੂਨ ਤੋਂ ਨਵੰਬਰ ਵਿਚਕਾਰ 8 ਲੱਖ ਰੁਪਏ ਦੀ ਕਮਾਈ ਹੋਈ ਹੈ।
ਸੈਲਰੀ, ਭੱਤਿਆਂ ਅਤੇ ਹੋਰ ਖਰਚਿਆਂ ਨੂੰ ਮਿਲਾ ਲਈਆਂ ਤਾਂ ਪੁਲਸ ਦਾ ਬਜਟ ਇਸ ਸਾਲ 18,300 ਕਰੋੜ ਰੁਪਏ ਤਕ ਪੁੱਜ ਗਿਆ ਹੈ। ਪੁਲਸ ਨੇ 900 ਪ੍ਰਦਰਸ਼ਨਾਂ, ਜਲੂਸਾਂ ਅਤੇ ਸਭਾਵਾਂ ਨੂੰ ਸੰਭਾਲਿਆ। ਮਨੁੱਖੀ ਅਧਿਕਾਰ ਸੰਗਠਨ ਪ੍ਰਦਰਸ਼ਨਾਂ ਦੌਰਾਨ ਪੁਲਸ ਦੀ ਜ਼ਿਆਦਤੀ ਦੀ ਨਿੰਦਾ ਕਰ ਰਹੇ ਹਨ। ਬੀਤੇ ਦਿਨ ਵੀ ਇੱਥੇ ਪ੍ਰਦਰਸ਼ਨ ਦੌਰਾਨ ਪੁਲਸ ਨੇ 2 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ।

ਸੈਲਾਨੀ ਨਿਰਾਸ਼, ਕਾਰੋਬਾਰ ਅਜੇ ਵੀ ਠੱਪ—
ਹਾਂਗਕਾਂਗ 'ਚ ਇਤਿਹਾਸਕ ਵਿਰੋਧ ਵਿਚਕਾਰ ਕਾਰੋਬਾਰ ਠੱਪ ਜਿਹਾ ਹੋ ਗਿਆ ਹੈ ਅਤੇ ਸੈਲਾਨੀਆਂ ਨੇ ਸ਼ਹਿਰ ਤੋਂ ਮੂੰਹ ਮੋੜ ਲਿਆ ਹੈ। ਸੈਲਾਨੀਆਂ ਦੀ ਗਿਣਤੀ ਪਿਛਲੇ ਸਾਲ 5 ਕਰੋੜ ਦੇ ਮੁਕਾਬਲੇ ਇਸ ਸਾਲ 3 ਕਰੋੜ ਤੋਂ ਘੱਟ ਰਹਿ ਗਈ ਹੈ। ਤਕਰੀਬਨ 40 ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਹਾਂਗਕਾਂਗ ਨਾ ਜਾਣ ਦੀ ਟ੍ਰੈਵਲ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। ਉੱਥੇ ਹੀ ਹਾਂਗਕਾਂਗ 'ਚ ਪ੍ਰਦਰਸ਼ਨਾਂ ਅਤੇ ਹਿੰਸਾ ਕਾਰਨ ਵਿਕਰੀ 30 ਫੀਸਦੀ ਤਕ ਡਿੱਗ ਗਈ ਹੈ। ਅਰਥ ਵਿਵਸਥਾ ਸਾਲ 2004 ਦੇ ਬਾਅਦ ਪਹਿਲੀ ਵਾਰ ਘਾਟੇ 'ਚ ਰਹਿ ਸਕਦੀ ਹੈ। ਵੱਡੀਆਂ ਕੰਪਨੀਆਂ ਸ਼ਹਿਰ ਛੱਡ ਕੇ ਭਾਰਤ ਅਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨੂੰ ਟਿਕਾਣਾ ਬਣਾ ਰਹੀਆਂ ਹਨ। ਚੀਨ ਨੇ ਹਾਂਗਕਾਂਗ ਦੀ ਸ਼ਾਸਨ ਵਿਵਸਥਾ 'ਚ ਦਖਲ ਨਾ ਦੇਣ ਦਾ ਵਾਅਦਾ ਕੀਤਾ ਹੈ ਪਰ ਅੰਦਰ ਖਾਤੇ ਉਸ ਦਾ ਦਬਾਅ ਵਧਦਾ ਜਾ ਰਿਹਾ ਹੈ।