ਹਾਂਗਕਾਂਗ ਮੁੱਦਾ : ਚੰਗੇ ਦੋਸਤ ਨਿਊਜ਼ੀਲੈਂਡ ਨਾਲ ਵੀ ਵਿਗੜੇ ਚੀਨ ਦੇ ਸਬੰਧ

08/09/2020 9:28:23 AM

ਜਲੰਧਰ, (ਵਿਸ਼ੇਸ਼)-ਸਾਡੇ ਗੁਆਂਡੀ ਦੇਸ਼ ਚੀਨ ਦੇ ਦੁਨੀਆ ਦੇ ਵੱਡੇ ਦੇਸ਼ਾਂ ਨਾਲ ਖਰਾਬ ਹੁੰਦੇ ਸਬੰਧਾਂ ਦੀ ਇਸ ਸੀਰੀਜ਼ ’ਚ ਅੱਜ ਅਸੀਂ ਚੀਨ ਅਤੇ ਨਿਊਜ਼ੀਲੈਂਡ ਦੇ ਵਿਗੜਦੇ ਰਿਸ਼ਤਿਆਂ ਦੀ ਗੱਲ ਕਰਾਂਗੇ। ਹਾਂਗਕਾਂਗ ’ਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਹਾਂਗਕਾਂਗ ਨਾਲ ਹਵਾਲਗੀ ਸਮਝੌਤਾ ਰੱਦ ਕਰ ਦਿੱਤਾ। ਇਸ ਦੇ ਜਵਾਬ ’ਚ ਚੀਨ ਨੇ ਵੀ ਹਾਂਗਕਾਂਗ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੇ ਹਵਾਲਗੀ ਸਮਝੌਤੇ ਨੂੰ ਰੱਦ ਕਰ ਦਿੱਤਾ। ਹਾਲਾਂਕਿ ਦੋਨਾਂ ਦੇਸ਼ਾਂ ਵਿਚਾਲੇ ਪਿਛਲੇ ਲਗਭਗ 4 ਦਹਾਕਿਆਂ ਤੋਂ ਚੰਗੇ ਸਬੰਧ ਚਲੇ ਆ ਰਹੇ ਸਨ, ਪਰ ਹਾਂਗਕਾਂਗ ’ਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਹੋਣ ਕਾਰਣ ਚੀਨ ਦੇ ਰਿਸ਼ਤੇ ਆਪਣੇ ਚੰਗੇ ਦੋਸਤ ਨਿਊਜ਼ੀਲੈਂਡ ਨਾਲ ਵੀ ਵਿਗੜਨੇ ਸ਼ੁਰੂ ਹੋ ਗਏ ਹਨ।


ਚੀਨੀ ਰਾਜਦੂਤ ਦੀ ਗਿੱਦੜ ਭਬਕੀ

20 ਜੁਲਾਈ ਨੂੰ ਆਕਲੈਂਡ ’ਚ ਨਿਊਜ਼ੀਲੈਂਡ ਅਤੇ ਚੀਨ ਬਿਜ਼ਨੈੱਸ ਸਮਿਤ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਚੀਨ ਵਲੋਂ ਉਈਗਰ ਮੁਸਲਿਮਾਂ ’ਤੇ ਕੀਤੇ ਜਾ ਰਹੇ ਅੱਤਿਆਚਾਰ ਦੇ ਨਾਲ-ਨਾਲ ਹਾਂਗਕਾਂਗ ’ਚ ਰਾਸ਼ਟਰੀ ਸੁਰੱਖਿਆ ਕਾਨੂੰਨ ਥੋਪੇ ਜਾਣ ਦਾ ਮੁੱਦਾ ਉਠਾਇਆ। ਇਸਦੇ ਨਾਲ ਹੀ ਉਨ੍ਹਾਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ’ਚ ਤਾਈਵਾਨ ਦੀ ਦਾਅਵੇਦਾਰੀ ਦੇ ਚੀਨ ਵਲੋਂ ਕੀਤੇ ਜਾ ਰੇਹ ਵਿਰੋਧ ਸਬੰਧੀ ਆਵਾਜ਼ ਉਠਾਈ ਤੋ ਸਮਿਟ ’ਚ ਮੌਜੂਦ ਚੀਨੀ ਰਾਜਦੂਤ ਵੂ ਸ਼ੀ ਭੜਕ ਗਈ। ਸਮਿਟ ਨੇ ਲੱਗਭਗ 500 ਡੈਲੀਗੇਟਸ ਦੇ ਸਾਹਮਣੇ ਚੀਨੀ ਰਾਜਦੂਤ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਗਿੱਦੜ ਭਭਕੀ ਦਿੰਦੇ ਹੋਏ ਕਿਹਾ ਸੀ ਕਿ ਨਿਊਜ਼ੀਲੈਂਡ ਚੀਨ ਦੀ ਸਿਆਸਤ ਅਤੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣਾ ਬੰਦ ਕਰੇ। ਚੀਨੀ ਰਾਜਦੂਤ ਨੇ ਕਿਹਾ ਕਿ ਸੀ ਕਿ ਇਸ ਮਾਮਲੇ ’ਚ ਤੀਸਰੇ ਪੱਖ ਦਾ ਦਖਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਨਿਊਜ਼ੀਲੈਂਡ ਚੀਨ ਨਾਲ ਉਸਦੇ ਰਿਸ਼ਤਿਆਂ ਨੂੰ ਹਲਕੇ ’ਚ ਨਾ ਲਵੇ।

ਨਿਊਜ਼ੀਲੈਂਡ ਦਾ ਪਲਟਵਾਰ-ਚੁੱਕੇ 3 ਵੱਡੇ ਕਦਮ

ਇਕ ਹਫਤੇ ਬਾਅਦ ਨਿਊਜ਼ੀਲੈਂਡ ਨੇ ਪਲਟਵਾਰ ਕਰ ਕੇ ਹਾਂਗਕਾਂਗ ਦੇ ਖਿਲਾਫ 3 ਵੱਡੇ ਕਦਮ ਚੁੱਕੇ। ਸਭ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਹਾਂਗਕਾਂਗ ਨਾਲ ਹਵਾਲਗੀ ਸਮਝੌਤਾ ਰੱਦ ਕਰ ਕੇ ਚੀਨ ਨੂੰ ਸਾਫ ਸੰਦੇਸ਼ ਦਿੱਤਾ ਕਿ ਚੀਨ ਨਾਲ ਉਸ ਦੇ ਰਿਸ਼ਤੇ ਇਕਪਾਸੜ ਨਹੀਂ ਹੋ ਸਕਦੇ। ਨਿਊਜ਼ੀਲੈਂਡ ਨੇ ਇਸ ਦੇ ਨਾਲ ਹੀ ਫੌਜੀ ਅਤੇ ਤਕਨੀਕੀ ਸਾਮਾਨ ਦਰਾਮਦ ਦੀ ਆਪਣੀ ਨੀਤੀ ’ਚ ਬਦਲਾਅ ਕਰਦੇ ਹੋਏ ਹਾਂਗਕਾਂਗ ਨੂੰ ਇਸ ਤਰ੍ਹਾਂ ਦੇ ਸਾਮਾਨ ਦੀ ਬਰਾਮਦ ਰੋਕ ਦਿੱਤੀ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ ਆਪਣੇ ਨਾਗਰਿਕਾਂ ਨੂੰ ਐਡਵਾਇਜਰੀ ਜਾਰੀ ਕਰ ਕੇ ਕਿਹਾ ਕਿ ਹਾਂਗਕਾਂਗ ਹੁਣ ਮੇਨ ਲੈਂਡ ਚਾਈਨਾ ਵਾਂਗ ਹੈ ਅਤੇ ਇਥੇ ਲਾਗੂ ਕਾਨੂੰਨ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਲਿਹਾਜ਼ਾ ਨਿਊਜ਼ੀਲੈਂਡ ਦੇ ਨਾਗਰਿਕ ਸੰਭਲ ਕੇ ਹਾਂਗਕਾਂਗ ਦੀ ਯਾਤਰਾ ਕਰਨ।

ਨਿਊਜ਼ੀਲੈਂਡ ਨੇ 2018 ’ਚ ਹੀ ਕਰ ਦਿੱਤਾ ਸੀ ਹੁਵਾਵੇਈ ਨੂੰ ਬੈਨ

ਯੂ. ਕੇ. ਨੇ ਭਾਵੇਂ ਚੀਨ ਦੀ ਟੈਲੀਕਾਮ ਕੰਪਨੀ ਹੁਵਾਵੇਈ ਨੂੰ ਬ੍ਰਿਟੇਨ ਦੇ 5ਜੀ ਨੈੱਟਵਰਕ ਤੋਂ ਬੇਦਖਲ ਕਰਨ ਦਾ ਫੈਸਲਾ ਲਿਆ ਹੋਵੇ, ਪਰ 5ਆਈ ਇੰਟੈਲੀਜੈਂਸ ਸ਼ੇਅਰਿੰਗ ਨੈੱਟਵਰਕ ਦੇ ਹਿੱਸੇਦਾਰ ਕੰਪਨੀ ਸਪਾਰਕ ਲਈ ਚੀਨੀ ਕੰਪਨੀ ਹੁਵਾਵੇਈ ਦੇ ਉਤਪਾਦਾਂ ਦੀ ਵਰਤੋਂ ਬੈਨ ਕਰ ਦਿੱਤੀ ਸੀ। ਸਪਾਰਕ ਨੇ 5ਜੀ ਨੈੱਟਵਰਕ ਨੂੰ ਸਥਾਪਤ ਕਰਨ ਲਈ ਤਕਨੀਕੀ ਸਾਮਾਨ ਖਰੀਦਣ ਲਈ ਫਿਨਲੈਂਡ ਦੀ ਕੰਪਨੀ ਨੋਕੀਆ ਅਤੇ ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਤੋਂ ਇਲਾਵਾ ਹੁਵਾਵੇਈ ਨਾਲ ਗੱਲਬਾਤ ਸ਼ੁਰੂ ਕੀਤੀ ਸੀ।

ਪਹਿਲਾਂ ਵੀ ਵਿਗੜ ਚੁੱਕੇ ਹਨ ਦੋਨਾਂ ਦੇਸ਼ਾਂ ਦੇ ਰਿਸ਼ਤੇ

ਚੀਨ ਅਤੇ ਨਿਊਜ਼ੀਲੈਂਡ ਦੇ ਰਿਸ਼ਤਿਆਂ ’ਚ ਪਹਿਲਾਂ ਵੀ ਕੜਵਾਹਟ ਆਈ ਸੀ। 1989 ’ਚ ਚੀਨ ਨੇ ਜਦੋਂ ਤਿਆਨਮੇਨ ਚੌਂਕ ’ਚ ਲੋਕਤੰਤਰ ਸਮਰਥਕ ਵਿਖਾਵਾਕਾਰੀਆਂ ’ਤੇ ਕਾਰਵਾਈ ਕਰ ਕੇ ਉਨ੍ਹਾਂ ਦਾ ਦਮਨ ਕੀਤਾ ਸੀ ਤਾਂ ਉਸ ਸਮੇਂ ਵੀ ਦੋਨਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਸਨ। ਓਦੋਂ ਦੋਨਾਂ ਦੇਸ਼ਾਂ ਵਿਚਾਲੇ ਇਕ ਸਾਲ ਤਕ ਕੋਈ ਗੱਲਬਾਤ ਨਹੀਂ ਹੋਈ ਸੀ ਚੀਨੀ ਫੌਜ ਦੀ ਇਸ ਦਮਨਕਾਰੀ ਕਾਰਵਾਈ ’ਚ ਲਗਭਗ 10,000 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਚੀਨ ’ਚ ਸਿਆਸੀ ਦਮਨ, ਸੱਤਾ ਦੇ ਫੌਜੀਕਰਨ ਅਤੇ ਮਿਡਲਈਸਟ ਦੇ ਦੇਸ਼ਾਂ ਨੂੰ ਹਥਿਆਰਾਂ ਦੀ ਸਪਲਾਈ ਸਬੰਧੀ ਦੋਨਾਂ ਦੇਸਾਂ ਵਿਚਾਲੇ ਅਸਹਿਮਤੀ ਰਹੀ ਹੈ। ਤਾਈਵਾਨ ਪ੍ਰਤੀ ਚੀਨ ਦੀ ਨੀਤੀ ਸਬੰਧੀ ਅਤੇ ਚੀਨ ਦੇ ਪ੍ਰਮਾਣੂ ਪ੍ਰੀਖਣਾਂ ’ਤੇ ਵੀ ਨਿਊਜ਼ੀਲੈਂਡ ਅਸਹਿਮਤੀ ਪ੍ਰਗਟਾ ਰਿਹਾ ਹੈ।
 

Lalita Mam

This news is Content Editor Lalita Mam