ਹਾਂਗਕਾਂਗ : ਇਨਸਾਨਾਂ ਤੋਂ ਜਾਨਵਰਾਂ ’ਚ ਫੈਲਣਾ ਸ਼ੁਰੂ ਹੋਇਆ ਕੋਰੋਨਾ ਵਾਇਰਸ!

02/29/2020 1:00:48 PM

ਹਾਂਗਕਾਂਗ— ਕੋਰੋਨਾ ਵਾਇਰਸ ਹੁਣ ਇਨਸਾਨਾਂ ਦੇ ਇਲਾਵਾ ਜਾਨਵਰਾਂ ’ਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਹਾਂਗਕਾਂਗ ’ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਡਾਕਟਰ ਵੀ ਹੈਰਾਨ ਹਨ। ਇੱਥੇ ਇਕ ਵਿਅਕਤੀ ਤੋਂ ਉਸ ਦੇ ਪੋਮੇਰੇਨੀਅਨ ਨਸਲ ਦੇ ਪਾਲਤੂ ਕੁੱਤੇ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਜਾਣਕਾਰੀ ਮੁਤਾਬਕ ਯਵੋਨ ਚਾਓ ਹੋ ਯੀ ਆਪਣੇ ਬੀਮਾਰ ਕੁੱਤੇ ਨੂੰ ਡਾਕਟਰ ਕੋਲ ਲੈ ਗਏ ਤਾਂ ਉਸ ਦੇ ਨੱਕ ਤੇ ਮੂੰਹ ਦੇ ਨਮੂਨਿਆਂ ਦੀ ਜਾਂਚ ਮਗਰੋਂ ਇਹ ਪੁਸ਼ਟੀ ਕੀਤੀ ਗਈ। ਇਸ ਨੂੰ 14 ਦਿਨਾਂ ਲਈ ਵੱਖਰਾ ਰੱਖਿਆ ਗਿਆ ਹੈ ਤੇ ਡਾਕਟਰ ਉਸ ਦੀ ਨਿਗਰਾਨੀ ਕਰ ਰਹੇ ਹਨ।

ਮੈਟਰੋ ਯੂ. ਕੇ. ਦੀ ਰਿਪੋਰਟ ਮੁਤਾਬਕ ਐਗਰੀਕਲਚਰ, ਫਿਸ਼ਰ ਅਤੇ ਕੰਜ਼ਰਵੇਸ਼ਨ ਡਿਪਾਰਟਮੈਂਟ ਨੇ ਇਸ ਕੁੱਤੇ ਦੀ ਨਿਯਮਿਤ ਜਾਂਚ ਦੇ ਹੁਕਮ ਦਿੱਤੇ ਹਨ। ਇਹ ਪਹਿਲਾ ਮਾਮਲਾ ਹੈ ਜਦ ਕਿਸੇ ਜਾਨਵਰ ਨੂੰ ਉਸ ਦੇ ਮਾਲਕ ਤੋਂ ਵਾਇਰਸ ਮਿਲਿਆ ਹੋਵੇ। ਉਨ੍ਹਾਂ ਕਿਹਾ ਕਿ ਅਜੇ ਇਹ ਦਾਅਵਾ ਕਰਨਾ ਮੁਸ਼ਕਲ ਹੈ ਕਿ ਪਾਲਤੂ ਜਾਨਵਰ ਕੋਵਿਡ-19 ਵਾਇਰਸ ਨਾਲ ਪੀੜਤ ਹੋ ਸਕਦੇ ਹਨ ਜਾਂ ਲੋਕਾਂ ਲਈ ਇਹ ਵਾਇਰਸ ਦਾ ਸਰੋਤ ਹੋ ਸਕਦੇ ਹਨ। ਇਸ ਤੋਂ ਪਹਿਲਾਂ ਇਹ ਖਬਰ ਮਿਲੀ ਸੀ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਲੋਕਾਂ ਨੇ ਆਪਣੇ ਜਾਨਵਰਾਂ ਨੂੰ ਮਾਰ ਕੇ ਸੜਕਾਂ ’ਤੇ ਸੁੱਟ ਦਿੱਤਾ ਸੀ।
ਤੁਹਾਨੂੰ ਦੱਸ ਦਈਏ ਕਿ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ’ਚ ਪੈਰ ਪਸਾਰ ਚੁੱਕੇ ਕੋਰੋਨਾ ਵਾਇਰਸ ਨੇ ਹੁਣ ਤਕ 2800 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਇਸ ਦੀ ਲਪੇਟ 80,000 ਤੋਂ ਵਧੇਰੇ ਲੋਕ ਆ ਚੁੱਕੇ ਹਨ। ਚੀਨ ਦੇ ਵੂਹਾਨ ’ਚ ਇਸ ਵਾਇਰਸ ਦਾ ਪਹਿਲਾ ਮਾਮਲਾ ਪਿਛਲੇ ਸਾਲ ਦਸੰਬਰ ਮਹੀਨੇ ਸਾਹਮਣੇ ਆਇਆ ਸੀ।