''ਕਰ ਭਲਾ ਹੋ ਭਲਾ'' ਦੀ ਉਦਾਹਰਣ ਹੈ ਇਸ ਔਰਤ ਨਾਲ ਵਾਪਰੀ ਘਟਨਾ

12/24/2017 1:31:47 PM

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸ਼ਹਿਰ ਵੈਨਕੁਵਰ 'ਚ ਤਰਿੰਦਾ ਗੈਜ਼ੇਕ ਨਾਂ ਦੀ ਇਕ ਕੁੜੀ ਨੇ ਇਕ ਵਿਅਕਤੀ ਦੀ ਮਾੜੀ ਹਾਲਤ ਦੇਖਦਿਆਂ ਉਸ ਨੂੰ ਕੁੱਝ ਪੈਸੇ ਦਿੱਤੇ ਅਤੇ ਇਸੇ ਦੌਰਾਨ ਗਲਤੀ ਨਾਲ ਉਸ ਨੇ ਆਪਣੀ ਹੀਰੇ ਦੀ ਮੁੰਦਰੀ ਵੀ ਦੇ ਦਿੱਤੀ। ਇਸ ਕੁੜੀ ਨੇ ਕਿਹਾ ਕਿ ਬੇਘਰ ਵਿਅਕਤੀ ਦੀ ਹਾਲਤ ਦੇਖਦਿਆਂ ਉਸ ਨੇ ਆਪਣਾ ਪਰਸ ਕੱਢ ਕੇ ਸਾਰਾ ਕੁੱਝ ਉਸ ਨੂੰ ਦੇ ਦਿੱਤਾ ਤੇ ਇਸ 'ਚ ਹੀ ਉਸ ਦੀ ਮੁੰਦਰੀ ਸੀ। ਅਗਲੇ ਦਿਨ ਉਸ ਨੂੰ ਪਤਾ ਲੱਗਾ ਕਿ ਉਸ ਨੇ ਆਪਣੀ ਮਾਂ ਦਾ ਇਹ ਖਾਸ ਤੋਹਫਾ ਭੁਲੇਖੇ 'ਚ ਦਾਨ ਕਰ ਦਿੱਤਾ ਹੈ। ਇਸ ਮੁੰਦਰੀ ਦੀ ਕੀਮਤ ਬਾਜ਼ਾਰ 'ਚ ਭਾਵੇਂ ਲੱਖਾਂ 'ਚ ਹੋਵੇ ਪਰ ਤਰਿੰਦਾ ਲਈ ਇਹ ਅਨਮੋਲ ਸੀ। 
ਤਰਿੰਦਾ ਅਗਲੇ ਦਿਨ ਇਸੇ ਇਲਾਕੇ ਨਾਨਇਮੋ 'ਚ ਗਈ, ਜਿੱਥੇ ਉਸ ਨੇ ਪੈਸੇ ਦਾਨ ਕੀਤੇ ਸਨ ਅਤੇ ਇਸ ਬਾਰੇ ਲੋਕਾਂ ਨੂੰ ਦੱਸਿਆ। ਇੱਥੇ ਹੀ ਰੇਮੰਡ ਅਹੈਸਟਰੋਮ ਨਾਂ ਦੇ ਵਿਅਕਤੀ ਨੇ ਉਸ ਦੀ ਮੁੰਦਰੀ ਲੱਭ ਕੇ ਦੇਣ ਦੀ ਜ਼ਿੰਮੇਵਾਰੀ ਲਈ। ਉਸ ਨੇ ਆਪਣੇ ਭਾਈਚਾਰੇ ਦੇ ਕਈ ਲੋਕਾਂ ਨਾਲ ਗੱਲ ਕੀਤੀ ਤੇ ਇਸ ਮੁੰਦਰੀ ਨੂੰ ਲੱਭਦਾ ਰਿਹਾ। 
ਰੇਮੰਡ ਦੀ ਮਿਹਨਤ ਰੰਗ ਲਿਆਈ ਤੇ ਉਸ ਨੂੰ ਉਹ ਵਿਅਕਤੀ ਮਿਲ ਹੀ ਗਿਆ, ਜਿਸ ਨੂੰ ਤਰਿੰਦਾ ਨੇ ਦਾਨ 'ਚ ਮੁੰਦਰੀ ਦੇ ਦਿੱਤੀ ਸੀ। ਉਸ ਨੇ ਕਿਹਾ ਕਿ ਉਹ ਚਾਹੁੰਦਾ ਸੀ ਕਿ ਉਹ ਭਲੀ ਔਰਤ ਉਸ ਨੂੰ ਮਿਲੇ ਤੇ ਉਸ ਦੀ ਮੁੰਦਰੀ ਵਾਪਸ ਦੇ ਸਕੇ। ਉਸ ਨੇ ਇਸ ਨੂੰ ਪਾਣੀ ਦੀ ਬੋਤਲ 'ਚ ਸੰਭਾਲ ਕੇ ਰੱਖਿਆ ਸੀ। ਰੇਮੰਡ ਨੇ ਇਹ ਮੁੰਦਰੀ ਉਸ ਵਿਅਕਤੀ ਕੋਲੋਂ ਲੈ ਕੇ ਤਰਿੰਦਾ ਨੂੰ ਮੋੜ ਦਿੱਤੀ। ਤਰਿੰਦਾ ਨੇ ਕਿਹਾ ਕਿ ਜੇਕਰ ਕੋਈ ਚਾਹੁੰਦਾ ਤਾਂ ਇਸ ਨੂੰ ਵੇਚ ਵੀ ਸਕਦਾ ਸੀ ਪਰ ਉਨ੍ਹਾਂ ਦੋਹਾਂ ਵਿਅਕਤੀਆਂ ਨੇ ਈਮਾਨਦਾਰੀ ਦਿਖਾਈ ਤੇ ਉਸ ਨੂੰ ਭਲਾਈ ਕਰਨ ਦਾ ਫਲ ਮਿਲ ਗਿਆ। ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜੋ ਕਿਸੇ ਦੀ ਕੀਮਤੀ ਚੀਜ਼ ਨੂੰ ਵਾਪਸ ਦੇਣ ਸ਼ਾਇਦ ਤਾਂ ਹੀ ਕਿਹਾ ਜਾਂਦਾ ਹੈ,'ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ।'