ਢਾਕਾ ਕੈਫੇ ਹਮਲਾ: ਅਦਾਲਤ ਨੇ 7 ਅੱਤਵਾਦੀਆਂ ਨੂੰ ਸੁਣਾਈ ਮੌਤ ਦੀ ਸਜ਼ਾ

11/27/2019 2:42:41 PM

ਢਾਕਾ- ਬੰਗਲਾਦੇਸ਼ ਦੀ ਰਾਜਧਾਨੀ ਵਿਚ ਅੱਤਵਾਦ ਰੋਕੂ ਵਿਸ਼ੇਸ਼ ਨਿਆਪਾਲਿਕਾ ਨੇ ਬੁੱਧਵਾਰ ਨੂੰ ਇਸਲਮਿਕ ਸਟੇਟ ਦੇ 7 ਮੈਂਬਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਕ ਦੋਸ਼ੀ ਨੂੰ ਬੇਕਸੂਰ ਕਰਾਰ ਦਿੰਦੇ ਹੋਏ ਬਰੀ ਕਰ ਦਿੱਤਾ। ਬੁੱਧਵਾਰ ਨੂੰ ਦੋਸ਼ੀ ਠਹਿਰਾਏ ਗਏ 7 ਲੋਕ ਇਸ ਹਮਲੇ ਦੀ ਯੋਜਨਾ ਦੇ ਦੋਸ਼ੀ ਹਨ। ਉਹ ਸਮੂਹ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ ਨਾਲ ਸਬੰਧਿਤ ਹਨ, ਜੋ ਮੁੱਖ ਰੂਪ ਨਾਲ ਮੁਸਲਿਮ ਦੇਸ਼ ਵਿਚ ਸ਼ਰੀਆ ਸ਼ਾਸਨ ਸਥਾਪਿਤ ਕਰਨਾ ਚਾਹੁੰਦੇ ਹਨ।

ਦੱਸ ਦਈਏ ਕਿ 2016 ਵਿਚ ਢਾਕਾ ਦੇ ਇਕ ਕੈਫੇ ਵਿਚ ਹਮਲੇ ਦੀ ਸਾਜ਼ਿਸ਼ ਵਿਚ ਇਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਅੱਤਵਾਦੀ ਹਮਲੇ ਵਿਚ 22 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਸਨ। ਮ੍ਰਿਤਕਾਂ ਵਿਚ ਇਟਲੀ ਦੇ 9 ਨਾਗਰਿਕ, 7 ਜਾਪਾਨੀ, ਇਕ ਅਮਰੀਕੀ ਤੇ ਇਕ ਭਾਰਤੀ ਨਾਗਰਿਕ ਵੀ ਸ਼ਾਮਲ ਸੀ। ਬਾਅਦ ਵਿਚ ਫੌਜ ਦੀ ਕਮਾਂਡੋ ਕਾਰਵਾਈ ਵਿਚ ਹਮਲਾਵਰਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਇਕ ਅਧਿਕਾਰੀ ਨੇ ਦੱਸਿਆ ਕਿ ਢਾਕਾ ਦੀ ਇਕ ਅਦਾਲਤ ਨੇ ਸਖਤ ਸੁਰੱਖਿਆ ਦੇ ਵਿਚਾਲੇ ਸੱਤਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਅੱਤਵਾਦੀ ਹਮਲੇ ਵਿਚ 8 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਲੰਬੀ ਬਹਿਸ ਤੋਂ ਬਾਅਦ ਅਦਾਲਤ ਨੇ ਇਕ ਦੋਸ਼ੀ ਨੂੰ ਬਰੀ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਜੱਜ ਮੁਜੀਬੁਰ ਰਹਿਮਾਨ ਨੇ 113 ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ 27 ਨਵੰਬਰ ਨੂੰ ਫੈਸਲੇ ਦੀ ਤਰੀਕ ਤੈਅ ਕੀਤੀ ਸੀ।

Baljit Singh

This news is Content Editor Baljit Singh