ਕਹਾਣੀ 'ਪਿਤਾ ਦਿਹਾੜਾ' ਮਨਾਉਣ ਦੀ, ਇਕ ਧੀ ਨੇ ਕੀਤੀ ਸੀ ਇਸ ਦੀ ਸ਼ੁਰੂਆਤ

06/21/2020 4:01:26 PM

ਵਾਸ਼ਿੰਗਟਨ- ਸਾਰਾ ਵਿਸ਼ਵ ਅੱਜ ਪਿਤਾ ਦਿਹਾੜਾ ਮਨਾ ਰਿਹਾ ਹੈ।ਹਰ ਕੋਈ ਆਪਣੇ ਪਿਤਾ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਉਨ੍ਹਾਂ ਲਈ ਕਿੰਨੇ ਖਾਸ ਹਨ। ਪਿਤਾ ਦਿਹਾੜਾ ਮਨਾਉਣ ਦੀ ਸ਼ੁਰੂਆਤ ਅਮਰੀਕਾ ਵਿਚ ਹੋਈ ਸੀ। ਇੱਥੋਂ ਦੇ ਪੱਛਮੀ ਵਰਜੀਨੀਆ ਦੇ ਫੇਅਰਮਾਨਟ ਸ਼ਹਿਰ ਵਿਚ 5 ਜੁਲਾਈ 1908 ਵਿਚ ਇਹ ਦਿਨ ਮਨਾਇਆ ਗਿਆ ਸੀ। ਅੱਗੇ ਚੱਲ ਕੇ ਇਤਿਹਾਸਕਾਰਾਂ ਵਿਚ ਇਸ ਨੂੰ ਲੈ ਕੇ ਕਈ ਮਤਭੇਦ ਰਹੇ ਪਰ 1924 ਵਿਚ ਅਮਰੀਕੀ ਰਾਸ਼ਟਰਪਤੀ ਕੇਲਵਿਨ ਕੋਲੀ ਨੇ ਦੇਸ਼ ਵਿਚ ਫਾਦਰਜ਼ ਡੇਅ ਮਨਾਉਣ 'ਤੇ ਆਪਣੀ ਸਹਿਮਤੀ ਦਿੱਤੀ। ਇਸ ਦੇ ਬਾਅਦ ਸੋਨੋਰਾ ਡਾਡ ਨਾਂ ਦੀ ਔਰਤ ਦੀਆਂ ਕੋਸ਼ਿਸ਼ਾਂ ਨਾਲ 1966 ਵਿਚ ਰਾਸ਼ਟਰਪਤੀ ਲਿੰਡਨ ਜਾਨਸਨ ਨੇ ਜੂਨ ਦੇ ਤੀਜੇ ਐਤਵਾਰ ਨੂੰ ਪਿਤਾ ਦਿਹਾੜੇ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ।
ਪਿਤਾ ਦਿਹਾੜੇ ਨਾਲ ਜੁੜੇ ਖਾਸ ਕਿੱਸੇ-

ਕੋਲਾ ਖਾਨ ਦੀ ਦੁਰਘਟਨਾ ਨਾਲ ਜੁੜੀ ਪਿਤਾ ਦਿਹਾੜੇ ਦੀ ਕਹਾਣੀ ਬਹੁਤ ਖਾਸ ਹੈ। 6 ਦਸੰਬਰ 1907 ਵਿਚ ਮੋਨੋਗਾਹ ਵਿਚ ਕੋਲੇ ਦੀ ਖਾਨ ਵਿਚ ਇਕ ਭਿਆਨਕ ਦੁਰਘਟਨਾ ਵਾਪਰੀ, ਜਿਸ ਵਿਚ ਕੁੱਲ 362 ਲੋਕ ਮਾਰੇ ਗਏ ਸਨ। ਮ੍ਰਿਤਕ ਪਿਤਾ ਦੇ ਸਨਮਾਨ ਵਿਚ ਗੋਲਡਨ ਕਲੇਟਨ ਨੇ ਇਕ ਖਾਸ ਦਿਹਾੜੇ ਦਾ ਆਯੋਜਨ ਕੀਤਾ। ਇਸ ਦੇ ਬਾਅਦ ਹਰ ਸਾਲ ਇਸ ਦਿਨ ਨੂੰ ਪਿਤਾ ਦਿਹਾੜੇ ਵਜੋਂ ਮਨਾਇਆ ਜਾਣ ਲੱਗਾ।

ਕੁੱਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਸ ਦੀ ਸ਼ੁਰੂਆਤ 19 ਜੂਨ, 1910 ਤੋਂ ਹੋਈ। ਸੋਨੋਰਾ ਡਾਡ ਨਾਂ ਦੀ ਔਰਤ ਨੇ ਆਪਣੇ ਪਿਤਾ ਦੇ ਸਨਮਾਨ ਵਿਚ ਇਸ ਦਿਨ ਨੂੰ ਮਨਾਇਆ ਸੀ। ਸੋਨੋਰਾ ਜਦ 16 ਸਾਲ ਦੀ ਸੀ ਤਾਂ ਉਸ ਦੀ ਮਾਂ ਉਸ ਨੂੰ ਤੇ ਉਸ ਦੇ 5 ਭਰਾਵਾਂ ਨੂੰ ਛੱਡ ਕੇ ਚਲੀ ਗਈ ਸੀ । ਘਰ ਦੀ ਜ਼ਿੰਮੇਵਾਰੀ ਸੋਨੋਰਾ ਦੇ ਪਿਤਾ 'ਤੇ ਆ ਗਈ ਸੀ, ਜੋ ਉਸ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। 

ਸੋਨੋਰਾ ਨੇ 1909 ਵਿਚ ਮਾਂ ਦਿਵਸ ਬਾਰੇ ਸੁਣਿਆ ਸੀ ਤੇ ਉਸ ਨੇ ਸੋਚਿਆ ਕਿ ਅਜਿਹਾ ਖਾਸ ਦਿਨ ਪਿਤਾ ਲਈ ਵੀ ਹੋਣਾ ਚਾਹੀਦਾ ਹੈ। ਉਸ ਦੇ ਪਿਤਾ ਦਾ ਜਨਮ ਦਿਨ 5 ਜੂਨ ਦਾ ਸੀ ਤੇ ਉਹ ਚਾਹੁੰਦੀ ਸੀ ਕਿ ਇਸ ਦਿਨ ਨੂੰ ਪਿਤਾ ਦਿਹਾੜੇ ਵਜੋਂ ਮਨਾਇਆ ਜਾਵੇ। ਉਸ ਨੇ ਅਮਰੀਕੀ ਕਾਂਗਰਸ ਦੇ ਨੇਤਾਵਾਂ ਨਾਲ ਇਸ ਬਾਰੇ ਗੱਲ਼ ਕੀਤੀ ਤੇ ਮੁਹਿੰਮ ਵੀ ਚਲਾਈ। ਇਸ ਦੇ ਬਾਅਦ ਯੂਰਪ ਤੇ ਫਿਰ ਪੂਰੀ ਦੁਨੀਆ ਵਿਚ ਇਸ ਦਿਨ ਨੂੰ ਮਨਾਇਆ ਜਾਣ ਲੱਗਾ। ਇਸ ਲਈ ਜੂਨ ਮਹੀਨੇ ਦੇ ਤੀਜੇ ਐਤਵਾਰ ਦੇ ਦਿਨ ਦੀ ਸਹਿਮਤੀ ਹੋਈ ਤੇ ਅੱਜ ਵੀ ਇਸ ਨੂੰ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ।

Lalita Mam

This news is Content Editor Lalita Mam