ਹਿੰਦੂ ਵਿਅਕਤੀ ਦੀ ਕਰਤੂਤ, ਪੈਸੇ ਲਈ ਮੁਸਲਮਾਨਾਂ ਨਾਲ ਮਿਲ ਪਰਿਵਾਰ ਦੇ 50 ਲੋਕਾਂ ਦਾ ਕਰਵਾਇਆ ਧਰਮ ਪਰਿਵਰਤਨ

05/15/2023 11:28:21 AM

ਗੁਰਦਾਸਪੁਰ (ਵਿਨੋਦ) - ਬੀਤੇ ਦਿਨੀਂ ਪਾਕਿਸਤਾਨ ਦੇ ਸਿੰਧ ਸੂਬੇ ਦੇ ਸੱਕਰ ਜ਼ਿਲ੍ਹੇ ਵਿਚ 50 ਹਿੰਦੂ ਲੋਕਾਂ ਦੇ ਸਮੂਹਿਕ ਤੌਰ ’ਤੇ ਧਰਮ ਪਰਿਵਰਤਨ ਕਰਨ ਦੇ ਮਾਮਲੇ ਨੇ ਅੱਜ ਨਵਾਂ ਮੋੜ ਲੈ ਲਿਆ। 5 ਬੱਚਿਆਂ ਦੀ ਮਾਂ ਹਿੰਦੂ ਔਰਤ ਨੇ ਆਪਣੇ ਭਰਾਵਾਂ ਸਮੇਤ ਅਦਾਲਤ ’ਚ ਪੇਸ਼ ਹੋ ਕੇ ਬਿਆਨ ਦਰਜ ਕਰਵਾਇਆ ਕਿ ਉਸ ਦੇ ਪਤੀ ਨੇ ਕੁਝ ਮੁਸਲਿਮ ਲੋਕਾਂ ਦੀ ਮਦਦ ਨਾਲ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਉਸ ਦੇ ਭਰਾਵਾਂ ਦੇ ਘਰੋਂ ਬੰਦੂਕ ਦੀ ਨੋਕ ’ਤੇ ਅਗਵਾ ਕਰ ਲਿਆ ਤੇ ਧਰਮ ਪਰਿਵਰਤਨ ਕਰਵਾਇਆ।

ਇਹ ਵੀ ਪੜ੍ਹੋ: ਪ੍ਰੇਮਿਕਾ ਨੇ ਪ੍ਰੇਮੀ ਦੀ ਇੱਛਾ ਵਿਰੁੱਧ ਕਰਾਇਆ ਗਰਭਪਾਤ, ਮਿਲੀ ਦਰਦਨਾਕ ਮੌਤ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਸੱਕਰ ਦੀ ਰਹਿਣ ਵਾਲੀ ਇਕ ਹਿੰਦੂ ਔਰਤ ਰਾਜ ਰਾਣੀ, ਜਿਸ ਦਾ ਧਰਮ ਪਰਿਵਰਤਨ ਤੋਂ ਬਾਅਦ ਨਾਂ ਬਦਲ ਕੇ ‘ਸ਼ਾਹਿਦਾ’ ਰੱਖਿਆ ਗਿਆ ਸੀ, ਨੇ ਜੈਕਬਾਬਾਦ ਸੈਸ਼ਨ ਜੱਜ ਦੀ ਅਦਾਲਤ ’ਚ ਪੇਸ਼ ਹੋ ਕੇ ਬਿਆਨ ਦਿੱਤਾ ਕਿ ਉਸ ਦਾ ਪਤੀ ਸੁਧੀਰ ਓਧ ਧੋਖੇਬਾਜ਼ ਵਿਅਕਤੀ ਸੀ। ਕੁਝ ਸਾਲ ਪਹਿਲਾਂ ਮੇਰਾ ਉਸ ਨਾਲ ਤਲਾਕ ਹੋ ਚੁੱਕਾ ਹੈ। ਉਹ ਆਪਣੇ 5 ਬੱਚਿਆਂ (2 ਲੜਕੇ ਤੇ 3 ਲੜਕੀਆਂ) ਦੇ ਨਾਲ ਸੱਕਰ ਵਿਚ ਆਪਣੇ ਭਰਾਵਾਂ ਨਾਲ ਰਹਿੰਦੀ ਹੈ। ਅਦਾਲਤ ਵਿਚ ਉਸ ਦੇ ਬੱਚੇ ਵੀ ਹਾਜ਼ਰ ਸਨ। ਰਾਜ ਰਾਣੀ ਨੇ ਬਿਆਨ ’ਚ ਦੱਸਿਆ ਕਿ ਉਸ ਦਾ ਵਿਆਹ ਕਰੀਬ 8 ਸਾਲ ਪਹਿਲਾਂ ਸੁਧੀਰ ਨਾਲ ਹੋਇਆ ਸੀ ਅਤੇ ਉਸ ਦੇ ਪਤੀ ਨੇ ਪਹਿਲਾਂ ਵੀ ਪੈਸਿਆਂ ਦੇ ਲਾਲਚ ਕਾਰਨ ਤਿੰਨ ਵਾਰ ਧਰਮ ਪਰਿਵਰਤਨ ਕਰ ਲਿਆ ਸੀ। ਧਰਮ ਪਰਿਵਰਤਨ ਕਰਨ ਤੋਂ ਬਾਅਦ, ਉਹ ਪੈਸੇ ਲੈਂਦਾ ਹੈ ਤੇ ਮੁੜ ਹਿੰਦੂ ਧਰਮ ਅਪਨਾ ਲੈਂਦਾ ਹੈ। ਉਸ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਹ ਉਸ ਤੋਂ ਵੱਖ ਹੋ ਕੇ ਆਪਣੇ ਭਰਾਵਾਂ ਕੋਲ ਰਹਿੰਦੀ ਹੈ।

ਇਹ ਵੀ ਪੜ੍ਹੋ: ਮੈਕਸੀਕੋ 'ਚ ਟਰੱਕ ਅਤੇ ਵੈਨ ਦੀ ਹੋਈ ਭਿਆਨਕ ਟੱਕਰ, ਮਚੇ ਅੱਗ ਦੇ ਭਾਂਬੜ, 26 ਲੋਕਾਂ ਦੀ ਦਰਦਨਾਕ ਮੌਤ (ਵੀਡੀਓ)

ਰਾਜ ਰਾਣੀ ਨੇ ਅਦਾਲਤ ਨੂੰ ਦੱਸਿਆ ਕਿ ਹੁਣ ਵੀ ਉਸ ਦੇ ਪਤੀ ਸੁਧੀਰ ਨੇ ਕੁਝ ਮੁਸਲਿਮ ਲੋਕਾਂ ਨਾਲ ਮਿਲ ਕੇ ਸਾਨੂੰ ਬੰਦੂਕ ਦੀ ਨੋਕ ’ਤੇ ਅਗਵਾ ਕਰ ਲਿਆ ਅਤੇ ਸੱਕਰ ਲੈ ਗਿਆ ਤੇ ਉੱਥੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਸਾਡੇ ਪੂਰੇ ਪਰਿਵਾਰ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਅਗਲੇ ਦਿਨ ਸੁਧੀਰ ਨੇ ਸਾਨੂੰ 20,000 ਰੁਪਏ ਦਿੱਤੇ ਅਤੇ ਸਾਨੂੰ ਮੇਰੇ ਭਰਾਵਾਂ ਕੋਲ ਸੱਕਰ ਭੇਜ ਦਿੱਤਾ। ਸੁਧੀਰ ਨੇ ਆਪਣੇ ਕੁਝ ਰਿਸ਼ਤੇਦਾਰਾਂ ਦਾ ਧਰਮ ਵੀ ਪਰਿਵਰਤਨ ਕਰਵਾਇਆ ਅਤੇ ਕੱਟੜਪੰਥੀਆਂ ਤੋਂ ਮੋਟੀ ਰਕਮ ਵੀ ਲਈ ਹੈ। ਸੈਸ਼ਨ ਜੱਜ ਨੇ ਰਾਜ ਰਾਣੀ ਦਾ ਬਿਆਨ ਧਾਰਾ 164 ਅਧੀਨ ਦਰਜ ਕਰ ਕੇ ਇਕ ਤਾਂ ਉਸ ਨੂੰ ਉਸ ਦੇ ਭਰਾਵਾਂ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਤੇ ਉਸ ਦਾ ਧਰਮ ਪਰਿਵਰਤਨ ਰੱਦ ਕਰ ਦਿੱਤਾ, ਨਾਲ ਹੀ ਸਮੂਹਿਕ ਧਰਮ ਪਰਿਵਰਤਨ ਦੀ ਪੂਰੀ ਰਿਪੋਰਟ ਦੇ ਨਾਲ ਅਦਾਲਤ ਨੇ ਸੁਧੀਰ ਨੂੰ ਵੀ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry