ਹਾਈ ਪ੍ਰੋਫਾਈਲ ਬੈਂਕਰ ਨੂੰ ਸੈਂਡਵਿਚ ਚੋਰੀ ਕਰਨਾ ਪਿਆ ਮਹਿੰਗਾ, ਗੁਆਉਣੀ ਪਈ ਨੌਕਰੀ (ਵੀਡੀਓ)

02/04/2020 7:36:01 PM

ਲੰਡਨ (ਏਜੰਸੀ)- ਲੰਡਨ 'ਚ ਇਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ, ਇਥੇ ਇਕ ਹਾਈ ਪ੍ਰੋਫਾਈਲ ਬੈਂਕਰ ਨੂੰ ਸਟਾਫ ਕੈਂਟੀਨ ਤੋਂ ਸੈਂਡਵਿਚ ਚੋਰੀ ਕਰਨ ਦੇ ਦੋਸ਼ ਹੇਠ ਨੌਕਰੀ ਤੋਂ ਕੱਢ ਦਿੱਤਾ ਗਿਆ। ਜੇਕਰ ਤੁਸੀਂ ਇਸ ਬੈਂਕਰ ਦੀ ਸੈਲਰੀ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ। ਇਸ ਹਾਈ ਪ੍ਰੋਫਾਈਲ ਬੈਂਕਰ ਨੂੰ ਹਰ ਸਾਲ ਇਕ ਮਿਲੀਅਨ ਪੌਂਡ (ਲਗਭਗ 9 ਕਰੋੜ 20 ਲੱਖ ਰੁਪਏ) ਦੀ ਤਨਖਾਹ ਮਿਲ ਰਹੀ ਸੀ।


ਇਸ ਬੈਂਕਰ ਦਾ ਨਾਂ ਪਾਰਸ ਸ਼ਾਹ ਹੈ। ਪਾਰਸ ਸਿਟੀਗਰੁੱਪ ਬੈਂਕ ਵਿਚ ਕੰਮ ਕਰ ਰਿਹਾ ਸੀ। ਪਾਰਸ ਜਦੋਂ ਸੈਂਡਵਿਚ ਚੋਰੀ ਦੇ ਦੋਸ਼ ਹੇਠ ਫੜਿਆ ਗਿਆ ਤਾਂ ਉਸ ਵੇਲੇ ਉਸ 'ਤੇ ਯੂਰਪ, ਮਿਡਲ ਈਸਟ ਅਤੇ ਅਫਰੀਕਾ ਵਿਚ ਬਾਂਡ ਟ੍ਰੇਡਿੰਗ ਦੇ ਹੈੱਡ ਦੇ ਅਹੁਦੇ ਦੀ ਜ਼ਿੰਮੇਵਾਰੀ ਸੀ। ਉਸ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ।

ਸੈਂਡਵਿਚ ਚੋਰੀ ਕਰਨ ਦੀਆਂ ਖਬਰਾਂ ਕਈ ਮੀਡੀਆ ਸੰਸਥਾਨਾਂ 'ਚ ਹੋਈਆਂ ਪ੍ਰਕਾਸ਼ਿਤ
ਪਾਰਸ ਸ਼ਾਹ ਦੇ ਸਿਰਫ ਸੈਂਡਵਿਚ ਚੋਰੀ ਕਰਨ ਤੋਂ ਬਾਅਦ ਨੌਕਰੀ ਤੋਂ ਕੱਢੇ ਜਾਣ ਦੀ ਖਬਰ ਨੂੰ ਕਈ ਮੀਡੀਆ ਸੰਸਥਾਨਾਂ ਨੇ ਉਨ੍ਹਾਂ ਦੀ ਤਸਵੀਰ ਸਣੇ ਪ੍ਰਕਾਸ਼ਿਤ ਵੀ ਕੀਤਾ। ਫਾਈਨਾਂਸ਼ੀਅਲ ਟਾਈਮਜ਼, ਡੇਲੀਮੇਲ 'ਚ ਉਨ੍ਹਾਂ ਦੀਆਂ ਖਬਰਾਂ ਤਸਵੀਰਾਂ ਸਣੇ ਲੱਗੀਆਂ। ਪਾਰਸ ਨੂੰ ਨੌਕਰੀ ਤੋਂ ਵੀ ਉਸ ਵੇਲੇ ਕੱਢਿਆ ਗਿਆ, ਜਦੋਂ ਉਸ ਦੇ ਸੈਂਡਵਿਚ ਚੋਰੀ ਕਰਨ ਦੀਆਂ ਖਬਰਾਂ ਕਈ ਨਿਊਜ਼ ਪੇਪਰਾਂ ਵਿਚ ਛਪੀਆਂ। ਬੈਂਕ ਨੇ ਉਸ ਨੂੰ ਕਈ ਦੋਸ਼ਾਂ ਤੋਂ ਬਾਅਦ ਮੁਅੱਤਲ ਕਰ ਦਿੱਤਾ ਕਿ ਉਹ ਪੂਰਬੀ ਲੰਡਨ ਦੇ ਕੈਨਰੀ ਘਾਟ 'ਤੇ ਆਪਣੇ ਦਫਤਰ ਤੋਂ ਖਾਣਾ ਚੋਰੀ ਕਰ ਰਿਹਾ ਸੀ। ਹਾਲਾਂਕਿ ਸ਼ਾਹ ਨੇ ਕਦੋਂ ਅਤੇ ਕਿੰਨੇ ਸੈਂਡਵਿਚ ਚੋਰੀ ਕੀਤੇ ਇਸ ਦੀ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ।

ਯੂਨੀਵਰਸਿਟੀ ਆਫ ਬਾਥ ਤੋਂ ਇਕਨੌਮਿਕਸ 'ਚ ਗ੍ਰੈਜੂਏਟ ਹੈ ਪਾਰਸ
ਸ਼ਾਹ ਦੇ ਪ੍ਰੋਫਾਈਲ ਤੋਂ ਜਾਪਦਾ ਹੈ ਕਿ ਉਨ੍ਹਾਂ ਨੇ 2010 ਵਿਚ ਯੂਨੀਵਰਸਿਟੀ ਆਫ ਬਾਥ ਤੋਂ ਇਕਨੌਮਿਕਸ 'ਚ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਪਹਿਲਾਂ ਉਹ ਨਾਰਥ ਲੰਡਨ ਦੇ ਲੇਟਿਮਰ ਗ੍ਰਾਮਰ ਸਕੂਲ ਤੋਂ ਪੜ੍ਹਿਆ ਹੈ। ਇਸ ਤੋਂ ਬਾਅਦ ਉਸ ਨੇ ਐਚ.ਐਸ.ਬੀ.ਸੀ. ਦੇ ਟ੍ਰੇਡਿੰਗ ਸਕੀਮ ਵਿਚ ਜੁਆਇਨ ਕੀਤਾ। 2017 ਵਿਚ ਉਹ ਸਿਟੀ ਬੈਂਕ ਨਾਲ ਜੁੜਿਆ। ਸਿਟੀ ਬੈਂਕ ਜੁਆਇਨ ਕਰਨ ਤੋਂ ਦੋ ਮਹੀਨੇ ਬਾਅਦ ਉਸ ਨੂੰ ਯੂਰਪ, ਮਿਡਲ ਈਸਟ ਅਤੇ ਅਫਰੀਕਾ ਦਾ ਟ੍ਰੇਡਿੰਗ ਹੈੱਡ ਬਣਾਇਆ ਗਿਆ।

ਕਈ ਸੈਲੀਬ੍ਰਿਟੀ ਵੀ ਏਅਰਪੋਰਟਾਂ 'ਤੇ ਚੋਰੀ ਕਰਦੇ ਫੜੇ ਜਾ ਚੁੱਕੇ
ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕਿਸੇ ਹਾਈਪ੍ਰੋਫਾਈਲ ਬੈਂਕਰ ਦੀ ਨੌਕਰੀ ਚੋਰੀ ਦੇ ਛੋਟੇ ਮਾਮਲੇ ਦੇ ਚੱਲਦੇ ਗਈ ਹੋਵੇ, ਇਸ ਤੋਂ ਪਹਿਲਾਂ ਕਈ ਹੋਰ ਦੇਸ਼ਾਂ ਵਿਚ ਵੀ ਇਸ ਤਰ੍ਹਾਂ ਨਾਲ ਚੋਰੀ ਦੇ ਛੋਟੇ-ਛੋਟੇ ਦੋਸ਼ਾਂ ਵਿਚ ਨੌਕਰੀਆਂ ਜਾਂਦੀਆਂ ਰਹੀਆਂ ਹਨ। ਕਈ ਵਾਰ ਸੈਲੀਬ੍ਰਿਟੀ ਵੀ ਏਅਰਪੋਰਟਾਂ 'ਤੇ ਇਸ ਤਰ੍ਹਾਂ ਦੀ ਚੋਰੀ ਕਰਦੇ ਫੜੇ ਜਾ ਚੁੱਕੇ ਹਨ। ਉਨ੍ਹਾਂ ਨੇ ਬਾਅਦ ਵਿਚ ਆਪਣੇ ਆਪ ਨੂੰ ਸੀਸੀਟੀਵੀ ਵਿਚ ਚੋਰੀ ਕਰਦੇ ਹੋਏ ਦੇਖੇ ਜਾਣ 'ਤੇ ਅਫਸੋਸ ਵੀ ਜਤਾਇਆ।

Sunny Mehra

This news is Content Editor Sunny Mehra