ਓਟਾਵਾ ਦੇ ਭਾਰਤੀ ਸਫ਼ਾਰਤਖ਼ਾਨੇ ਅੱਗੇ ਕਿਸਾਨ ਪੱਖੀ ਮੁਜਾਹਰਾ

12/05/2020 3:11:32 PM

ਨਿਊਯਾਰਕ/ ਟੋਰਾਂਟੋ,  ( ਰਾਜ ਗੋਗਨਾ)—ਅੱਜ ਕੈਨੇਡਾ ਵਿਖੇ ਓਟਾਵਾ ਵਿਚ ਭਾਰਤੀ ਸਫ਼ਾਰਤਖ਼ਾਨੇ ਅੱਗੇ ਕਿਸਾਨ ਪੱਖੀ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ । ਮੀਂਹ ਕਾਰਨ ਲੋਕ ਛੱਤਰੀਆਂ ਅਤੇ ਬਰਸਾਤੀਆਂ ਪਾ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ।

ਮੁਜ਼ਾਹਰਾਕਾਰੀਆਂ ਵੱਲੋਂ ਅੱਜ ਭਾਰਤੀ ਸਫ਼ਾਰਤਖ਼ਾਨੇ ਅੱਗੇ ਹੋਏ ਰੋਸ ਮੁਜ਼ਾਹਰੇ ਵਿਚ ਕਿਸਾਨੀ ਸੰਘਰਸ਼ ਅਤੇ ਪੰਜਾਬ ਦੀ ਹੋਂਦ ਨਾਲ ਸੰਬੰਧਤ ਕੁੱਝ ਮਾਮਲਿਆਂ 'ਤੇ ਗੱਲਬਾਤ ਕੀਤੀ ਗਈ ਹੈ। ਇਸ ਮੁਜ਼ਾਹਰੇ ਵਿਚ ਫੋਨ ਰਾਹੀਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ ਹਨ। ਇਸ ਤੋਂ ਇਲਾਵਾ ਸਥਾਨਕ ਪੱਧਰ ਦੇ ਨੁਮਾਇੰਦਿਆਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਾਰਿਆਂ ਨੇ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਲਈ ਅੱਗੇ ਆਵੇ।

ਜ਼ਿਕਰਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਲਗਭਗ 2 ਮਹੀਨਿਆਂ ਤੋਂ ਪੰਜਾਬ ਵਿਚ ਅਤੇ ਹੁਣ ਕੌਂਮੀ ਰਾਜਧਾਨੀ ਦਿੱਲੀ ਤੱਕ ਪਹੁੰਚ ਚੁੱਕੇ ਕਿਸਾਨ ਅੰਦੋਲਨ ਨੂੰ ਮਿਲ ਰਹੇ ਸਮਰਥਨ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਨਾ ਸਿਰਫ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸਮਾਜਕ ਅਤੇ ਭਾਵਨਾਤਮਕ ਸਮਰਥਨ ਹਾਸਲ ਹੋ ਰਿਹਾ ਹੈ, ਸਗੋਂ ਵਿਦੇਸ਼ਾਂ ਵਿਚ ਵੀ ਇਸ ਦੇ ਪੱਖ ਵਿਚ ਆਵਾਜ਼ ਬੁਲੰਦ ਹੋ ਰਹੀ ਹੈ। ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਸਣੇ ਸਪੇਨ ਵਿਚ ਵੀ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਹੋ ਰਹੇ ਹਨ। ਭਾਰਤ ਸਰਕਾਰ ਅੱਗੇ ਲੋਕ ਹਾਅ ਦਾ ਨਾਅਰਾ ਲਗਾ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। 

Lalita Mam

This news is Content Editor Lalita Mam