ਨੇਪਾਲ 'ਚ ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ 28 ਲੋਕਾਂ ਦੀ ਮੌਤ ਤੇ 16 ਲੋਕ ਲਾਪਤਾ

07/13/2019 4:25:56 PM

ਕਾਠਮੰਡੂ — ਨੇਪਾਲ ਦੇ ਵੱਖ-ਵੱਖ ਹਿੱਸਿਆਂ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ  ਮਰਨ ਵਾਲਿਆਂ ਦੀ ਸੰਖਿਆ 28 ਤੱਕ ਪਹੁੰਚ ਗਈ ਹੈ ਅਤੇ 16 ਲੋਕ ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। 

ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਕਾਠਮੰਡੂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਾਨਸੂਨ ਦੀ ਭਾਰੀ ਬਾਰਿਸ਼ ਹੋ ਰਹੀ ਹੈ। ਕਈ ਨਹਿਰਾਂ ਦੇ ਕੰਢਿਆਂ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਕੰਢੇ 'ਤੇ ਰਹਿਣ ਵਾਲੇ ਲੋਕਾਂ ਸਾਹਮਣੇ ਸੰਕਟ ਵਾਲੀ ਸਥਿਤੀ ਪੈਦਾ ਹੋ ਗਈ ਹੈ।  

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੀ ਘਟਨਾਵਾਂ ਕਾਰਨ ਘੱਟੋ-ਘੱਟ 500 ਘਰ ਢਹਿ ਗਏ। ਸਥਾਨਕ ਮੀਡੀਆ ਦੀ ਰਿਪੋਰਟ ਅਨੁਸਾਰ ਦੇਸ਼ ਦੇ ਪੂਰਬੀ-ਪੱਛਮੀ ਰਾਜਮਾਰਗ ਸਮੇਤ ਮੁੱਖ ਰਾਜਮਾਰਗ 'ਚ ਹੜ੍ਹਾਂ ਸੰਬੰਧਿਤ ਘਟਨਾਵਾਂ ਦੇ ਕਾਰਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਨੇਪਾਲ 'ਚ ਅਗਲੇ ਤਿੰਨ ਦਿਨਾਂ ਤੱਕ ਮਾਨਸੂਨ ਸਰਗਰਮ ਰਹਿਣ ਦੀ ਉਮੀਦ ਹੈ।

ਨੇਪਾਲ ਪੁਲਸ ਨੇ ਨਿਊਜ਼ ਬੁਲਿਟਨ ਵਿਚ ਕਿਹਾ ਹੈ ਕਿ ਇਸ ਸੰਕਟ ਕਾਰਨ ਦੇਸ਼ ਵਿਚ ਘੱਟੋ-ਘੱਟ 28 ਲੋਕਾਂ ਦੀ ਮੌਤ, 10 ਲੋਕ ਜ਼ਖਮੀ ਅਤੇ 16 ਲੋਕ ਲਾਪਤਾ ਹੋ ਗਏ ਹਨ। ਅਜਿਹੇ 'ਚ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਅਤੇ ਸਹਾਇਤਾ ਲਈ ਲੋਕ ਭੇਜੇ ਜਾ ਰਹੇ ਹਨ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਹਤ ਮੁਹਿੰਮ ਨਾਲ ਜੁੜੇ ਕਾਰਜਾਂ ਵਿਚ ਤੇਜ਼ੀ ਲਿਆਂਦੀ ਗਈ ਹੈ। ਅੰਦਾਜ਼ਾ ਹੈ ਕਿ ਕਰੀਬ 6 ਹਜ਼ਾਰ ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ।