ਇਟਲੀ ''ਚ ਤੇਜ਼ ਮੀਂਹ ਤੇ ਤੂਫਾਨ ਦਾ ਕਹਿਰ, ਵਾਲ-ਵਾਲ ਬਚੇ ਭਾਰਤੀ ਕਿਰਤੀ (ਤਸਵੀਰਾਂ)

09/30/2022 3:34:53 PM

ਰੋਮ (ਕੈਂਥ) ਇਟਲੀ ਦੇ ਲੋਕ ਗਰਮੀ ਦੀ ਤਪਸ ਹੰਢਾਉਣ ਤੋਂ ਬਾਅਦ ਹੁਣ ਤੇਜ਼ ਮੀਂਹ ਤੇ ਤੂਫਾਨਾਂ ਰਾਹੀਂ ਆਪਣਾ ਜਾਨੀ ਤੇ ਮਾਲੀ ਨੁਕਸਾਨ ਕਰਵਾਉਣ ਲਈ ਬੇਵੱਸੀ ਦੇ ਆਲਮ ਵਿੱਚੋਂ ਲੰਘਣ ਲਈ ਲਾਚਾਰ ਹਨ। ਇਸ ਦੇ ਚੱਲਦਿਆਂ ਬੀਤੇ ਦਿਨ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ ਤੇ ਭਾਰੀ ਤੂਫਾਨ ਦੁਆਰਾ ਖੇਤੀਬਾੜੀ ਫਾਰਮਾਂ ਦਾ ਭਾਰੀ ਨੁਕਸਾਨ ਕਰਨ ਦੇ ਨਾਲ-ਨਾਲ ਲੋਕਾਂ ਦਾ ਮਾਲੀ ਨੁਕਸਾਨ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਸਬਾਊਦੀਆ,ਸਨਵੀਨਤੋ,ਬੋਰਗੋ ਵੋਦਿਸ ਸਨ ਫਲੀਚੇ,ਤੇਰਾਚੀਨਾ ਤੇ ਫੋਰਮੀਆਂ ਅਧੀਨ ਪੈਂਦੇ ਖੇਤੀਬਾੜੀ ਫਾਰਮਾਂ ਨੂੰ ਜਿੱਥੇ ਤੇਜ਼ ਤੂਫਾਨ ਨੇ ਬੁਰੀ ਤਰ੍ਹਾਂ ਤਹਿਸ-ਨਹਿਸ ਕੀਤਾ, ਉੱਥੇ ਹੀ ਸੂਬੇ ਦੇ ਮੁੱਖ ਮਾਰਗ ਰੋਮ ਨਾਪੋਲੀ ਪੁਨਤੀਨਾ 148 ਉਪੱਰ ਸਥਿਤ ਖੜ੍ਹੇ ਭਾਰੀ ਦਰਖੱਤਾਂ ਨੂੰ ਜੜੋਂ ਪੁੱਟ ਦਿੱਤਾ, ਜੋ ਕਿ ਅਚਨਚੇਤ ਮੁੱਖ ਮਾਰਗ 'ਤੇ ਡਿੱਗੇ ਪਰ ਇਸ ਘਟਨਾ ਨਾਲ ਕੋਈ ਵੀ ਮਾਲੀ ਨੁਕਸਾਨ ਹੋਣੋ ਬਚ ਗਿਆ।ਆਸਮਾਨ ਵਿੱਚ ਬਣੇ ਤਬਾਹੀ ਦੇ ਇਸ ਬਵੰਡਰ ਦੇ ਵਿਸ਼ਾਲ ਰੂਪ ਨੇ ਖੇਤੀਬਾੜੀ ਫਾਰਮਾਂ ਦੀਆਂ ਸ਼ੈਡਾਂ ਨੂੰ ਹਵਾ ਵਿੱਚ ਇੰਝ ਉਡਾ ਦਿੱਤਾ ਜਿਵੇਂ ਕਿ ਇਹ ਲੋਹੇ ਦੀਆਂ ਪਾਇਪਾਂ ਨਹੀਂ ਸਗੋਂ ਕਾਗਜ਼ੀ ਢਾਂਚਾ ਹੈ। 

ਇਹਨਾਂ ਸ਼ੈਡਾਂ ਅੰਦਰ ਕਈ ਭਾਰਤੀ-ਪੰਜਾਬੀ ਨੌਜਵਾਨ ਵੀ ਕੰਮ ਕਰ ਰਹੇ ਸਨ। ਪਰ ਰੱਬ ਦੀ ਨਦਰ ਸਦਕਾ ਇਹਨਾਂ ਭਰਾਵਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਚੰਦ ਮਿੰਟਾਂ ਦੇ ਇਸ ਕੁਦਰਤੀ ਕਹਿਰ ਨੇ ਸਾਰੇ ਇਲਾਕੇ ਨੂੰ ਆਪਣੇ ਤੇਜ਼ ਮੀਂਹ ਤੇ ਤੇਜ਼ ਹਵਾਵਾਂ ਨਾਲ ਅਜਿਹਾ ਝੰਬਿਆ ਕਿ ਭਾਰਤੀ ਕਿਰਤੀਆਂ ਦੇ ਨਾਲ-ਨਾਲ ਇਟਾਲੀਅਨ ਮਾਲਕਾਂ ਦਾ ਵੀ ਸਾਹ ਫੁੱਲ ਗਿਆ ਸੀ ਇਹ ਕੀ ਹੋਣ ਜਾ ਰਿਹਾ ਹੈ।ਕਈ ਇਟਾਲੀਅਨ ਔਰਤਾਂ ਨੇ ਤਾਂ ਕਈ ਕਿਰਤੀਆਂ ਨੂੰ ਘਰਾਂ ਨੂੰ ਜਾਣ ਲਈ ਵਾਰ-ਵਾਰ ਕਿਹਾ। ਜਦੋਂਕਿ ਇਸ ਘਟਨਾ ਮੌਕੇ ਬਹੁਤੇ ਇਟਾਲੀਅਨਾਂ ਨੇ ਆਪਣੇ ਆਪ ਨੂੰ ਘਰਾਂ ਵਿੱਚ ਹੀ ਬੰਦ ਕਰ ਲਿਆ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਨਵੀਂ ਸਰਕਾਰ ਬਣਨ ਤੋਂ ਪਹਿਲਾਂ ਹੀ ਗੱਠਜੋੜ 'ਚ ਖੜਕੀ ਮੰਤਰੀ ਮੰਡਲ ਨੂੰ ਲੈ ਕੇ ਵੀ ਖਿੱਚੋਤਾਣ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤੇਜ਼ ਮੀਂਹ ਤੇ ਤੇਜ਼ ਤੂਫਾਨ ਦੀ ਭਾਰੀ ਤਬਾਹੀ ਇਸ ਇਲਾਕੇ ਵਿੱਚ ਕੋਈ ਪਹਿਲੀ ਵਾਰ ਨਹੀਂ ਹੋ ਰਹੀ। ਇਸ ਤੋਂ ਪਹਿਲਾਂ ਵੀ ਕਰੀਬ ਪਿਛਲੇ 3 ਸਾਲਾਂ ਤੋਂ ਇਹ ਕੁਦਰਤੀ ਕਹਿਰ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਦਾ ਖੋਅ ਬਣਿਆ ਹੋਇਆ ਹੈ, ਜਿਸ ਤੋਂ ਬਚਣ ਲਈ ਲੋਕਾਂ ਨੂੰ ਸਮਝ ਨਹੀ ਆ ਰਹੀ ਕੀ ਕੀਤਾ ਜਾਵੇ।ਸੰਨ 2019-20 ਵਿੱਚ ਇਸ ਤੇਜ਼ ਤੂਫਾਨ ਨੇ ਜਿੱਥੇ ਕਈ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਸੀ ਉੱਥੇ ਹੀ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਕੀਤਾ ਸੀ।

ਤੇਜ਼ ਤੂਫਾਨ ਨਾਲ ਸੜਕਾਂ 'ਤੇ ਚੱਲ ਰਹੇ ਵਾਹਨਾਂ ਉਪੱਰ ਸੜਕਾਂ ਦੇ ਕਿਨਾਰੇ ਖੜ੍ਹੇ ਭਾਰੀ ਦੱਰਖਤ ਇੰਝ ਟੁੱਟਕੇ ਡਿੱਗੇ ਸਨ ਕਿ ਵਾਹਨਾਂ ਦੇ ਚਾਲਕਾਂ ਨੂੰ ਦਰਦਨਾਕ ਮੌਤ ਮਿਲੀ।ਇਸ ਵਾਰ ਵੀ ਇਹ ਤੇਜ਼ ਮੀਂਹ ਤੇ ਤੂਫਾਨ ਇਲਾਕੇ ਵਿੱਚ ਭਾਰੀ ਨੁਕਸਾਨ ਕਰਕੇ ਬੇਸ਼ੱਕ ਚੱਲਿਆ ਗਿਆ ਪਰ ਲੋਕਾਂ ਅੰਦਰ ਹਾਲੇ ਵੀ ਅਜੀਬ ਤਰ੍ਹਾਂ ਦਾ ਡਰ ਤੇ ਸਹਿਮ ਦੇਖਿਆ ਜਾ ਰਿਹਾ ਹੈ।

Vandana

This news is Content Editor Vandana