ਵਿਕਟੋਰੀਆ ''ਚ ਮੌਸਮ ਨੇ ਬਦਲਿਆ ਮਿਜ਼ਾਜ, ਕਈ ਥਾਂਈਂ ਪਿਆ ਭਾਰੀ ਮੀਂਹ, ਵਧੀਆਂ ਲੋਕਾਂ ਦੀਆਂ ਮੁਸੀਬਤਾਂ

03/21/2017 12:46:50 PM

ਮੈਲਬੌਰਨ— ਸੋਮਵਾਰ ਨੂੰ ਆਸਟਰੇਲੀਆ ਦੇ ਸੂਬੇ ਵਿਕਟੋਰੀਆ ''ਚ ਤੇਜ਼ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਪਿਆ। ਮੌਸਮ ''ਚ ਆਈ ਇਸ ਤਬਦੀਲੀ ਦੇ ਕਾਰਨ ਰਾਜਧਾਨੀ ਮੈਲਬੌਰਨ ਸਮੇਤ ਸੂਬੇ ਦੇ ਕਈ ਸ਼ਹਿਰਾਂ ''ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ, ਜਿਸ ਕਾਰਨ ਆਮ ਲੋਕਾਂ ਦੀਆਂ ਮੁਸੀਬਤਾਂ ''ਚ ਭਾਰੀ ਵਾਧਾ ਹੋਇਆ। ਸੂਬੇ ਦੀਆਂ ਸੰਕਟਕਾਲੀਨ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ''ਚ ਆਈ ਤਬਦੀਲੀ ਦਾ ਸਭ ਤੋਂ ਵਧ ਅਸਰ ਯੀਏ ਸ਼ਹਿਰ ''ਚ ਦੇਖਣ ਨੂੰ ਮਿਲਿਆ। ਆਸਮਾਨੀ ਬਿਜਲੀ ਪੈਣ ਕਾਰਨ ''ਚ ਇੱਥੇ ਇੱਕ ਹਸਪਤਾਲ ਦੀ ਛੱਤ ਨੁਕਸਾਨੀ ਗਈ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਸ਼ਹਿਰ ''ਚੋਂ ਕਰੀਬ 100 ਲੋਕਾਂ ਨੇ ਫੋਨ ਕਰਕੇ ਉਨ੍ਹਾਂ ਕੋਲੋਂ ਮਦਦ ਮੰਗੀ। 
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ''ਚ ਰਾਜਧਾਨੀ ਮੈਲਬੌਰਨ ਸਮੇਤ ਪੂਰੇ ਸੂਬੇ ''ਚ ਹਾਲਾਤ ਇਸੇ ਤਰ੍ਹਾਂ ਦੇ ਬਣੇ ਰਹਿਣ ਵਾਲੇ ਹਨ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਘੱਟ ਦਬਾਅ ਵਾਲਾ ਖੇਤਰ ਦੱਖਣੀ ਆਸਟਰੇਲੀਆ ਤੋਂ ਵਿਕਟੋਰੀਆ ਵੱਲ ਵਧ ਰਿਹਾ ਹੈ, ਜਿਸ ਦੇ ਚੱਲਦਿਆਂ ਮੰਗਲਵਾਰ ਅਤੇ ਬੁੱਧਵਾਰ ਨੂੰ ਸੂਬੇ ''ਚ ਭਾਰੀ ਮੀਂਹ ਪਵੇਗਾ। ਇਸ ਕਾਰਨ ਤਾਪਮਾਨ ''ਚ ਵੀ ਭਾਰੀ ਗਿਰਾਵਟ ਆਵੇਗੀ।