ਦੱਖਣੀ ਕੋਰੀਆ ''ਚ ਮੀਂਹ ਦਾ ਕਹਿਰ ਜਾਰੀ, 40 ਲੋਕਾਂ ਦੀ ਮੌਤ ਤੇ ਸਰਚ ਆਪਰੇਸ਼ਨ ਜਾਰੀ (ਤਸਵੀਰਾਂ)

07/17/2023 1:49:04 PM

ਸਿਓਲ (ਭਾਸ਼ਾ)- ਦੱਖਣੀ ਕੋਰੀਆ ਵਿੱਚ ਸੋਮਵਾਰ ਨੂੰ ਨੌਵੇਂ ਦਿਨ ਮੀਂਹ ਦਾ ਕਹਿਰ ਜਾਰੀ ਹੈ, ਜਿਸ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਉੱਧਰ ਬਚਾਅ ਕਰਮਚਾਰੀ ਜ਼ਮੀਨ ਖਿਸਕਣ, ਤਬਾਹ ਹੋਏ ਘਰਾਂ ਅਤੇ ਮਲਬੇ ਦੇ ਢੇਰ ਵਿਚੋਂ ਲੋਕਾਂ ਦੀ ਭਾਲ ਕਰ ਰਹੇ ਹਨ। ਦੇਸ਼ ਵਿੱਚ 9 ਜੁਲਾਈ ਤੋਂ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੋਰ ਘਟਨਾਵਾਂ 'ਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ, 34 ਲੋਕ ਜ਼ਖਮੀ ਹੋਏ ਹਨ ਅਤੇ 10,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹੋਣਾ ਪਿਆ ਹੈ। 

ਮੀਂਹ ਦਾ ਸਭ ਤੋਂ ਵੱਧ ਅਸਰ ਦੱਖਣੀ ਕੋਰੀਆ ਦੇ ਮੱਧ ਅਤੇ ਦੱਖਣੀ ਖੇਤਰਾਂ ਵਿੱਚ ਹੋਇਆ। ਗੋਤਾਖੋਰਾਂ ਸਮੇਤ ਸੈਂਕੜੇ ਬਚਾਅ ਕਰਮਚਾਰੀ ਚੇਓਂਗਜੂ ਸ਼ਹਿਰ ਵਿੱਚ ਮਲਬੇ ਨਾਲ ਭਰੀ ਸੁਰੰਗ ਵਿੱਚ ਲੋਕਾਂ ਦੀ ਭਾਲ ਕਰ ਰਹੇ ਹਨ। ਸ਼ਨੀਵਾਰ ਸ਼ਾਮ ਨੂੰ ਅਚਾਨਕ ਹੜ੍ਹ ਦਾ ਪਾਣੀ ਇਸ ਸੁਰੰਗ ਵਿੱਚ ਦਾਖਲ ਹੋਣ ਕਾਰਨ ਇਸ ਸੁਰੰਗ ਵਿੱਚ ਬੱਸ ਸਮੇਤ 15 ਵਾਹਨ ਫਸ ਗਏ ਸਨ। ਸਰਕਾਰ ਨੇ ਸੁਰੰਗ ਵਿੱਚ ਲਗਭਗ 900 ਬਚਾਅ ਕਰਮੀਆਂ ਨੂੰ ਤਾਇਨਾਤ ਕੀਤਾ ਹੈ, ਜਿਨ੍ਹਾਂ ਨੇ ਹੁਣ ਤੱਕ 13 ਲਾਸ਼ਾਂ ਨੂੰ ਬਰਾਮਦ ਕੀਤਾ ਹੈ ਅਤੇ 9 ਲੋਕਾਂ ਨੂੰ ਬਚਾਇਆ ਹੈ। ਇਨ੍ਹਾਂ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵਾਹਨਾਂ ਵਿੱਚ ਕਿੰਨੇ ਲੋਕ ਸਵਾਰ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਆਸਮਾਨ 'ਚ ਵਿਗੜੀ ਪਾਇਲਟ ਦੀ ਸਿਹਤ, ਯਾਤਰੀ ਨੇ ਉਡਾਇਆ ਜਹਾਜ਼ ਅਤੇ ਫਿਰ...

ਸੋਮਵਾਰ ਤੱਕ ਬਚਾਅ ਕਰਤਾਵਾਂ ਨੇ ਲਗਭਗ ਸਾਰਾ ਪਾਣੀ ਸੁਰੰਗ ਤੋਂ ਬਾਹਰ ਕੱਢ ਲਿਆ ਸੀ ਅਤੇ ਹੁਣ ਉਹ ਖ਼ੁਦ ਚੱਲ ਕੇ ਲੋਕਾਂ ਦੀ ਭਾਲ ਕਰ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਬਚਾਅ ਕਾਰਜਾਂ ਲਈ ਉਹ ਰਬੜ ਦੀਆਂ ਕਿਸ਼ਤੀਆਂ ਦੀ ਵਰਤੋਂ ਕਰ ਰਹੇ ਸਨ। ਕਾਉਂਟੀ ਦਫਤਰ ਨੇ ਦੱਸਿਆ ਕਿ ਸੈਂਕੜੇ ਐਮਰਜੈਂਸੀ ਕਰਮਚਾਰੀ, ਸੈਨਿਕ ਅਤੇ ਪੁਲਸ ਦੱਖਣ-ਪੂਰਬੀ ਸ਼ਹਿਰ ਯੇਚੋਨ ਵਿੱਚ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ। ਯੇਚੋਨ ਵਿੱਚ ਨੌਂ ਲੋਕ ਮਾਰੇ ਗਏ ਅਤੇ ਅੱਠ ਹੋਰ ਲਾਪਤਾ ਹਨ। ਗ੍ਰਹਿ ਮਾਮਲਿਆਂ ਅਤੇ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿੱਚ ਲਗਭਗ 200 ਘਰ ਅਤੇ ਲਗਭਗ 150 ਸੜਕਾਂ ਨੁਕਸਾਨੀਆਂ ਜਾਂ ਤਬਾਹ ਹੋ ਗਈਆਂ ਹਨ, ਜਦੋਂ ਕਿ 28,607 ਲੋਕ ਕਈ ਦਿਨਾਂ ਤੋਂ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਯੂਰਪ ਅਤੇ ਯੂਕ੍ਰੇਨ ਦੀ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਇੱਕ ਐਮਰਜੈਂਸੀ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਨੂੰ ਵਿਸ਼ੇਸ਼ ਆਫ਼ਤ ਜ਼ੋਨ ਘੋਸ਼ਿਤ ਕਰਨ ਤਾਂ ਜੋ ਰਾਹਤ ਕਾਰਜਾਂ ਵਿੱਚ ਵਿੱਤੀ ਅਤੇ ਹੋਰ ਸਹਾਇਤਾ ਜੋੜੀ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana