ਕੋਰੋਨਾ ਸੰਕਟ ਦੌਰਾਨ ਏਸ਼ੀਆਈ-ਅਮਰੀਕੀਆਂ ਖਿਲਾਫ ਨਫਰਤ ਦੇ ਮਾਮਲੇ ਵਧੇ : ਅਮਰੀਕੀ ਸੰਸਦ ਮੈਂਬਰ

05/05/2020 11:08:11 AM

ਵਾਸ਼ਿੰਗਟਨ- ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਕਟ ਕਾਲ ਦੌਰਾਨ ਏਸ਼ੀਆਈ-ਅਮਰੀਕੀਆਂ ਵਿਰੁੱਧ ਨਫ਼ਰਤ ਦੇ ਜੁਰਮਾਂ ਵਿਚ ਵਾਧਾ ਹੋਇਆ ਹੈ ਅਤੇ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਨੂੰ ਇਸ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ। ਸਹਾਇਕ ਅਟਾਰਨੀ ਜਨਰਲ ਐਰਿਕ ਐਸ ਡ੍ਰੀਬੈਂਡ ਨੂੰ ਲਿਖੇ ਇਕ ਪੱਤਰ ਵਿਚ ਕਮਲਾ ਹੈਰਿਸ ਸਣੇ 16 ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਨਾਲ ਉਸੇ ਤਰ੍ਹਾਂ ਨਜਿੱਠਣ ਜਿਸ ਤਰ੍ਹਾਂ ਪਿਛਲੇ ਸਮੇਂ ਵਿਚ ਕਦਮ ਚੁੱਕੇ ਗਏ ਸਨ। 


ਉਨ੍ਹਾਂ ਕਿਹਾ ਕਿ ਏਸ਼ੀਆਈ ਮੂਲ ਦੇ 2 ਕਰੋੜ ਅਮਰੀਕੀ ਅਤੇ 20 ਲੱਖ ਪ੍ਰਸ਼ਾਂਤ ਟਾਪੂਆਂ ਦੇ ਲੋਕ ਸਿਹਤ ਸੰਭਾਲ ਕਰਮਚਾਰੀ, ਸੁਰੱਖਿਆ ਏਜੰਟਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਵਜੋਂ ਕੋਵਿਡ-19 ਵਿਰੁੱਧ ਜੰਗ ਦੇ ਮੋਰਚੇ ਵਿਚ ਲੱਗੇ ਹੋਏ ਹਨ। ਸੰਸਦ ਮੈਂਬਰਾਂ ਨੇ ਕਿਹਾ, "ਇਹ ਮਹੱਤਵਪੂਰਨ ਹੈ ਕਿ ਸਿਵਲ ਰਾਈਟਸ ਡਿਵੀਜ਼ਨ ਇਹ ਸੁਨਿਸ਼ਚਿਤ ਕਰੇ ਕਿ ਮਹਾਂਮਾਰੀ ਦੇ ਇਸ ਦੌਰ ਵਿਚ ਸਾਰੇ ਅਮਰੀਕੀਆਂ ਦੇ ਨਾਗਰਿਕ ਅਤੇ ਸੰਵਿਧਾਨਕ ਅਧਿਕਾਰ ਸੁਰੱਖਿਅਤ ਹੋਣ।"

ਉਨ੍ਹਾਂ ਕਿਹਾ ਕਿ ਸਿਰਫ ਪਿਛਲੇ ਮਹੀਨੇ ਵਿਚ ਹੀ ਏਸ਼ੀਆਈ-ਅਮਰੀਕੀ ਸੰਗਠਨਾਂ ਨੂੰ ਦੇਸ਼ ਭਰ ਤੋਂ ਏਸ਼ੀਅਨ ਲੋਕਾਂ ਨਾਲ ਛੇੜਖਾਨੀ ਅਤੇ ਵਿਤਕਰੇ ਦੀਆਂ 1500 ਤੋਂ ਵੱਧ ਘਟਨਾਵਾਂ ਦੀਆਂ ਸ਼ਿਕਾਇਤਾਂ ਮਿਲੀਆਂ। ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਕਿਹਾ ਕਿ ਇਹ ਮਾਰਚ ਵਿਚ ਐੱਫ. ਬੀ. ਆਈ. ਦੇ ਉਸ ਮੁਲਾਂਕਣ ਤੋਂ ਬਾਅਦ ਹੋਇਆ, ਜਿਸ ਵਿਚ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਏਸ਼ੀਆਈ-ਅਮਰੀਕੀਆਂ ਵਿਰੁੱਧ ਦੇਸ਼ ਭਰ ਵਿਚ ਅਪਰਾਧ ਦੀਆਂ ਘਟਨਾਵਾਂ ਵਧ ਸਕਦੀਆਂ ਹਨ, ਜਿਸ ਨਾਲ ਪ੍ਰਸ਼ਾਂਤ ਟਾਪੂਆਂ ਦੇ ਭਾਈਚਾਰਿਆਂ ਲਈ ਖਤਰਾ ਪੈਦਾ ਹੋਵੇਗਾ।

Lalita Mam

This news is Content Editor Lalita Mam