ਸੱਜਣ ਖਿਲਾਫ ਕੈਨੇਡਾ ਦੀ ਸੰਸਦ ''ਚ ਬੇਭਰੋਸਗੀ ਦਾ ਮਤਾ ਪੇਸ਼, ਹੱਕ ''ਚ ਨਿੱਤਰੇ ਲਿਬਰਲ ਨੇਤਾ

05/09/2017 6:57:21 PM

ਓਟਾਵਾ— ਕੈਨੇਡਾ ਦੇ ਸੰਸਦ ਭਵਨ ''ਹਾਊਸ ਆਫ ਕਾਮਨਜ਼'' ਵਿਚ ਹਰਜੀਤ ਸਿੰਘ ਸੱਜਣ ਨੂੰ ਇਕ ਵਾਰ ਫਿਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਖੁਦ ਨੂੰ ਅਫਗਾਨਿਸਤਾਨ ਵਿਚ ਫੌਜੀ ਮੁਹਿੰਮ ਦਾ ਕਰਤਾ-ਧਰਤਾ ਦੱਸੇ ਜਾਣ ''ਤੇ ਸੰਸਦ ਵਿਚ ਵਿਰੋਧੀ ਧਿਰਾਂ ਕੰਜ਼ਰਵੇਟਿਵਾਂ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ਸੱਜਣ ਖਿਲਾਫ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਅਤੇ ਇਸ ''ਤੇ ਬਹਿਸ ਕੀਤੀ। ਲਿਬਰਲ ਜਿੱਥੇ ਕੈਨੇਡਾ ਦੀ ਸੁਰੱਖਿਆ ''ਤੇ ਹੋਣ ਵਾਲੇ ਖਰਚੇ ''ਤੇ ਬਹਿਸ ਕਰਨਾ ਚਾਹੁੰਦੇ ਸਨ, ਉੱਥੇ ਵਿਰੋਧੀ ਧਿਰਾਂ ਦਾ ਧਿਆਨ ਸੱਜਣ ''ਤੇ ਹੀ ਕੇਂਦਰਿਤ ਰਿਹਾ, ਜਿਸ ਤੋਂ ਬਾਅਦ ਲਿਬਰਲ ਨੇਤਾ ਵੀ ਸੱਜਣ ਦੇ ਹੱਕ ਵਿਚ ਉੱਤਰ ਆਏ। ਲਘੂ ਉਦਯੋਗ ਅਤੇ ਸੈਰ-ਸਪਾਟਾ ਮੰਤਰੀ ਬਰਦੀਸ਼ ਚੱਗਰ, ਬਰੈਂਪਟਨ ਉੱਤਰੀ ਤੋਂ ਐੱਮ. ਪੀ. ਰੂਬੀ ਸਹੋਤਾ ਅਤੇ ਬਰੈਂਪਟਨ ਦੱਖਣੀ ਤੋਂ ਐੱਮ. ਪੀ. ਸੋਨੀਆ ਸਿੱਧੂ ਨੇ ਸਦਨ ਵਿਚ ਸੱਜਣ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਸੱਜਣ ਨੇ ਆਪਣੀਆਂ ਸੇਵਾਵਾਂ ਨਾਲ ਹਮੇਸ਼ਾ ਹੀ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਵਿਰੋਧੀ ਧਿਰਾਂ ਵੱਲੋਂ ਪੇਸ਼ ਕੀਤੇ ਮਤੇ ਵਿਚ ਕਿਹਾ ਗਿਆ ਕਿ ਹਾਊਸ ਆਫ ਕਾਮਨਜ਼ ਨੂੰ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਯੋਗਤਾ ''ਤੇ ਭਰੋਸਾ ਨਹੀਂ ਰਿਹਾ। ਕਈ ਮੌਕਿਆਂ ''ਤੇ ਉਨ੍ਹਾਂ ਨੇ ਆਪਣੀ ਭੂਮਿਕਾ ਅਤੇ ਸੇਵਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ। ਉਮੀਦ ਕੀਤੀ ਜਾ ਰਹੀ ਹੈ ਕਿ ਮੰਗਲਵਾਰ ਨੂੰ ਇਸ ਮਤੇ ''ਤੇ ਵੋਟਿੰਗ ਹੋਵੇਗੀ ਪਰ ਸੰਸਦ ਵਿਚ ਲਿਬਰਲਾਂ ਦੀ ਬਹੁਗਿਣਤੀ ਹੋਣ ਕਰਕੇ ਇਹ ਮਤਾ ਪਾਸ ਨਹੀਂ ਹੋ ਸਕਦਾ।

Kulvinder Mahi

This news is News Editor Kulvinder Mahi