ਸਿਆਸਤ ''ਚ ਆਵੇਗੀ ਅੱਤਵਾਦੀ ਹਾਫਿਜ਼ ਦੀ ਪਾਰਟੀ, ਪਾਕਿ ਹਾਈਕੋਰਟ ਨੇ ਸੁਣਾਇਆ ਫੈਸਲਾ

03/08/2018 10:19:45 PM

ਇਸਲਾਮਾਬਾਦ— ਮੋਸਟਵਾਂਟੇਡ ਅੱਤਵਾਦੀ ਹਾਫਿਜ਼ ਸਈਦ ਦਾ ਸਿਆਸਤ 'ਚ ਆਉਣ ਦਾ ਰਸਤਾ ਸਾਫ ਹੋ ਗਿਆ ਹੈ। ਇਸਲਾਮਾਬਾਦ ਹਾਈਕੋਰਟ ਨੇ ਸਥਾਨਕ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਈਦ ਦੀ ਪਾਰਟੀ ਦਾ ਰਜਿਸਟ੍ਰੇਸ਼ਨ ਕਰੇ। ਸਈਦ ਦੀ ਸਿਆਸੀ ਪਾਰਟੀ ਦਾ ਨਾਂ ਮਿੱਲੀ ਮੁਸਲਿਮ ਲੀਗ ਹੈ, ਜਿਸ ਨੂੰ ਹੁਣ ਪਾਕਿਸਤਾਨ ਚੋਣ ਕਮਿਸ਼ਨ ਨੂੰ ਆਪਣੀ ਮਨਜ਼ੂਰੀ ਦੇਣੀ ਹੋਵੇਗੀ।
ਇਸਲਾਮਾਬਾਦ ਹਾਈਕੋਰਟ ਨੇ ਵੀਰਵਾਰ ਨੂੰ ਮਿੱਲੀ ਮੁਸਲਿਮ ਲੀਗ ਨੂੰ ਪਾਕਿਸਤਾਨ ਚੋਣ ਕਮਿਸ਼ਨ ਤੋਂ ਰਜਿਸਟਰ ਕਰਵਾਉਣ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਚੋਣ ਕਮਿਸ਼ਨ ਐੱਮ.ਐੱਮ.ਐੱਲ. ਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰਦਾ ਰਿਹਾ ਹੈ। ਐੱਮ.ਐੱਮ.ਐੱਲ. ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਤੇ ਜਮਾਤ-ਉਦ-ਦਾਵਾ ਦੀ ਉਪ-ਸ਼ਾਖਾ ਹੈ। ਇੰਨਾਂ ਸੰਗਠਨਾਂ 'ਤੇ ਮਾਰਚ 2008 'ਚ ਮੁੰਬਈ 'ਚ ਤੇ 2001 'ਚ ਭਾਰਤੀ ਸੰਸਦ 'ਤੇ ਅੱਤਵਾਦੀ ਹਮਲੇ ਕਰਨ ਦੇ ਦੋਸ਼ ਹਨ। ਨਵੰਬਰ 2008 'ਚ ਮੁੰਬਈ ਹਮਲਿਆਂ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੇ ਜਮਾਤ-ਉਦ-ਦਾਵਾ 'ਤੇ ਪਾਬੰਦੀ ਲਗਾ ਦਿੱਤੀ ਸੀ। ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਸਈਦ ਦੇ ਸੰਗਠਨ ਲਸ਼ਕਰ-ਏ-ਤੋਇਬਾ 'ਤੇ ਪਾਬੰਦੀਆਂ ਲਗਾ ਰੱਖੀਆਂ ਹਨ।
ਪਾਕਿਸਤਾਨ ਚੋਣ ਕਮਿਸ਼ਨ ਨੇ ਪਿਛਲੇ ਸਾਲ ਅਕਤੂਬਰ 'ਚ ਹਾਫਿਜ਼ ਸਈਦ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਨਾਲ ਜੁੜੀ ਮਿੱਲੀ ਮੁਸਲਿਮ ਲੀਗ ਨੂੰ ਸਿਆਸੀ ਦਲ ਦੇ ਰੂਪ 'ਚ ਰਜਿਸਟਰ ਕਰਨ ਸਬੰਧੀ ਅਰਜ਼ੀ ਰੱਦ ਕਰ ਦਿੱਤੀ ਸੀ।