ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਪ੍ਰਬੰਧਕ ਕਮੇਟੀ ਚੋਣਾਂ ''ਚ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ

06/29/2017 4:03:01 AM

ਲੰਡਨ (ਰਾਜਵੀਰ ਸਮਰਾ)— ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਅਕਤੂਬਰ 'ਚ ਹੋਣ ਵਾਲੀਆਂ ਚੋਣਾਂ 'ਚ ਇਸ ਵਾਰ 4 ਧਿਰਾਂ ਦੇ ਹਿੱਸਾ ਲੈਣ ਦੀਆਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਹਨ। ਪਿਛਲੀ ਵਾਰ ਇਨ੍ਹਾਂ ਚੋਣਾ 'ਚ ਸ਼ੇਰ ਗਰੁੱਪ (ਮੌਜੂਦਾ ਪ੍ਰਬੰਧਕ ਕਮੇਟੀ) ਜਿਸ ਦੀ ਅਗਵਾਈ ਗੁਰਮੇਲ ਸਿੰਘ ਮੱਲ੍ਹੀ ਕਰ ਰਹੇ ਸਨ, ਬਾਜ਼ ਗਰੁੱਪ ਜਿਸ ਦੀ ਅਗਵਾਈ ਹਿੰਮਤ ਸਿੰਘ ਸੋਹੀ ਕਰ ਰਹੇ ਸਨ ਅਤੇ ਸਥਾਨਕ ਨੌਜਵਾਨਾਂ ਵੱਲੋਂ ਸਿਰਫ 4 ਉਮੀਦਵਾਰ ਹੀ ਮੈਦਾਨ 'ਚ ਉਤਾਰੇ ਗਏ ਸਨ ਪਰ ਇਸ ਵਾਰ ਇਨ੍ਹਾਂ ਚੋਣਾਂ 'ਚ ਚਾਰ ਧੜੇ ਬਣਦੇ ਵਿਖਾਈ ਦੇ ਰਹੇ ਸ਼ੇਰ ਗਰੁੱਪ ਅਤੇ ਬਾਜ਼ ਗਰੁੱਪ ਵੱਲੋਂ ਤਾਂ ਕਾਫੀ ਦੇਰ ਤੋਂ ਅੰਦਰਖਾਤੇ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਵੀ ਕੀਤਾ ਹੋਇਆ ਹੈ, ਜਦਕਿ ਤੇਰਾ ਪੰਥ ਵਸੇ ਵਾਲੇ ਨੌਜਵਾਨਾਂ ਵੱਲੋਂ ਵੀ ਸਰਗਰਮੀ ਪੂਰੀ ਤਰ੍ਹਾਂ ਸ਼ੁਰੂ ਕੀਤੀ ਹੋਈ ਹੈ, ਰਣਦੀਪ ਸਿੰਘ ਨੇ ਇਸ ਬਾਰੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਕਰਨੀ ਸ਼ੁਰੂ ਵੀ ਕਰ ਦਿੱਤੀ ਹੈ। ਤੇਰਾ ਪੰਥ ਵਸੇ ਦੇ ਨੌਜਵਾਨਾਂ ਵੱਲੋਂ ਇਸ ਵਾਰ 21 ਉਮੀਦਵਾਰ ਮੈਦਾਨ 'ਚ ਉਤਾਰੇ ਜਾਣਗੇ। ਗਰੁੱਪ ਵੱਲੋਂ ਸੋਸ਼ਲ ਮੀਡੀਆ 'ਤੇ ਕਿਹਾ ਗਿਆ ਹੈ ਕਿ ਸਭਾ ਵੱਲੋਂ ਜਲਦੀ ਹੀ ਵੋਟਾਂ ਬਣਾਉਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕੀਤੀਆਂ ਜਾਣੀ ਚਾਹੀਦੀਆਂ ਹਨ।
ਦੂਜੇ ਪਾਸੇ ਇੱਕ ਚੌਥਾ ਗਰੁੱਪ ਵੀ ਮੈਦਾਨ 'ਚ ਆਉਣ ਲਈ ਤਿਆਰੀ ਕਸ ਰਿਹਾ ਹੈ, ਜਿਨ੍ਹਾਂ 'ਚ ਦੋਵੇਂ ਪੁਰਾਣੇ ਗਰੁੱਪਾਂ ਦੇ ਨਾਰਾਜ਼ ਹੋਏ ਉਨ੍ਹਾਂ ਦੇ ਕੱਟੜ ਹਮਾਇਤੀ ਸ਼ਾਮਿਲ ਹਨ, ਭਾਵੇਂ ਅਜੇ ਤੱਕ ਇਸ ਗਰੁੱਪ ਦੇ ਰੁੱਸੇ ਹੋਏ ਲੀਡਰ ਖੁੱਲ੍ਹ ਕੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਹਨ, ਪਰ ਉਨ੍ਹਾਂ ਵੱਲੋਂ ਅੰਦਰ ਖਾਤੇ ਆਪਣਾ ਗਠਜੋੜ ਕਰਨਾ ਸ਼ੁਰੂ ਕਰ ਦਿੱਤਾ ਹੈ। ਵੇਖਿਆ ਜਾਵੇ ਤਾਂ ਗੁਰੂ ਘਰ ਇਸ ਸਮੇਂ ਸੇਵਾ ਨਾਲੋਂ ਵੱਧ ਸਿਆਸੀ ਅਖਾੜਾ ਬਣਦਾ ਜਾ ਰਿਹਾ ਹੈ। ਵੋਟਾਂ ਮੌਕੇ ਆਪਸੀ ਖਹਿਬਾਜ਼ੀ ਅਤੇ ਨਫ਼ਰਤ ਵੱਧਦੀ ਹੈ ਪਰ ਕੁਰਸੀ ਦੇ ਚਾਹਵਾਨਾਂ ਨੂੰ ਅਜਿਹੇ ਮਾਹੌਲ ਦੀ ਕੋਈ ਪ੍ਰਵਾਹ ਨਹੀਂ ਹੈ।|ਬੀਤੇ ਦਿਨੀਂ ਅਮਰਜੀਤ ਸਿੰਘ ਢਿੱਲੋਂ ਵੱਲੋਂ ਮਿਲ ਬੈਠ ਕੇ ਸਾਂਝੀ ਕਮੇਟੀ ਬਣਾਉਣ ਲਈ ਦਿੱਤੀ ਤਜਵੀਜ਼ ਨੂੰ ਵੀ ਕੋਈ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ, ਭਾਵੇਂ ਕਿ ਸ਼ੇਰ ਗਰੁੱਪ ਨੇ ਅਜਿਹਾ ਹੱਲ ਕੱਢਣ ਲਈ ਹਾਮੀ ਭਰ ਵੀ ਦਿੱਤੀ ਹੈ ਪਰ ਅਜੇ ਤੱਕ ਅਜਿਹਾ ਕੋਈ ਰਸਤਾ ਜਾਂ ਆਗੂ ਨਹੀਂ ਨਜ਼ਰ ਆ ਰਿਹਾ ਜੋ ਸਿੱਖ ਭਾਈਚਾਰੇ 'ਚ ਵੱਧ ਰਹੀ ਕੁੜੱਤਣ ਨੂੰ ਘਟਾਉਣ ਲਈ ਇਨ੍ਹਾਂ ਧਿਰਾਂ ਵਿਚਕਾਰ ਸੁਲਾਹ ਕਰਵਾ ਸਕੇ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਯੂ. ਕੇ. ਅਤੇ ਯੂਰਪ ਦੇ ਵੱਡੇ ਗੁਰੂ ਘਰਾਂ 'ਚੋਂ ਇੱਕ ਹੈ, ਜਿਸ ਦੀ ਕੁਰਸੀ ਹਾਸਿਲ ਕਰਨ ਲਈ ਸਿੱਖਾਂ ਵੱਲੋਂ ਆਪਸ 'ਚ ਤਕੜੀ ਲੜਾਈ ਲੜੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸਭਾ ਦੀ ਚੋਣ ਪਹਿਲਾਂ ਹਰ 2 ਸਾਲ ਬਾਅਦ ਹੁੰਦੀ ਸੀ, ਜਦਕਿ ਹੁਣ ਹਰ 3 ਸਾਲ ਬਾਅਦ ਕਰਵਾਈ ਜਾਂਦੀ ਹੈ।