ਗੁਰਦੁਆਰਾ ਸਿੰਘ ਸਭਾ ਸਾਹਿਬ ਬੋਰਗੋ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

11/22/2017 9:10:51 AM

ਰੋਮ, (ਕੈਂਥ)— ਮਹਾਨ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਦਿਹਾੜੇ ਸੰਬਧੀ ਵਿਸੇਥਸ ਸਮਾਗਮ ਗੁਰਦੁਆਰਾ ਸਿੰਘ ਸਭਾ ਸਾਹਿਬ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ।ਇਸ ਵਿੱਚ ਆਰੰਭੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪੰਰਤ ਸਜੇ ਕੀਰਤਨ ਦਰਬਾਰ ਮੌਕੇ ਭਾਈ ਨਿਰਮਲ ਸਿੰਘ ਗ੍ਰੰਥੀ ਸਾਹਿਬ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ।ਉਪੰਰਤ ਭਾਰਤ ਤੋਂ ਉਚੇਚੇ ਤੌਰ 'ਤੇ ਆਏ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਬਾਬਾ ਨਿਰਮਲ ਸਿੰਘ ਧੂਲਕੋਟ ਵਾਲੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਨਾਲ ਸਭ ਧਰਮਾਂ ਦੇ ਲੋਕਾਂ ਨੂੰ ਕਿਰਤ ਕਰਨ,ਵੰਡ ਛੱਕਣ ਅਤੇ ਨਾਮ ਜਪਣ ਲਈ ਪ੍ਰੇਰਿਆ।ਉਨ੍ਹਾਂ ਦੀ ਰਚਿਤ ਗੁਰਬਾਣੀ ਸਮੁੱਚੀ ਕਾਇਨਾਤ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ। ਇਸ ਪ੍ਰਕਾਸ ਦਿਵਸ ਸਮਾਗਮ ਮੌਕੇ ਇਟਲੀ ਦੇ ਉੱਘੇ ਸਮਾਜ ਸੇਵਕ ਅਤੇ ਗੁਰਦੁਆਰਾ ਸਾਹਿਬ ਜੀ ਦੇ ਸੇਵਾਦਾਰ ਸ:ਗੁਰਮੁੱਖ ਸਿੰਘ ਹਜ਼ਾਰਾ ਨੇ ਹਾਜ਼ਰ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਤੋਂ ਸਭ ਸੰਗਤਾਂ ਨੂੰ ਸੇਧ ਲੈਕੇ ਆਪਣਾ ਲੋਕ ਸੁੱਖੀ ਅਤੇ ਪ੍ਰਲੋਕ ਸੁਹੇਲਾ ਕਰਨਾ ਚਾਹੀਦਾ ਹੈ।ਇਸ ਮੌਕੇ ਪ੍ਰਬੰਧਕਾਂ ਵੱਲੋਂ ਬਾਬਾ ਨਿਰਮਲ ਸਿੰਘ ਅਤੇ ਹੋਰ ਸੇਵਾਦਾਰਾਂ ਦਾ ਗੁਰੂ ਦੀ ਬਖ਼ਸਿਸ ਸਿਰਪਾਓ ਨਾਲ ਵਿਸੇਥਸ ਸਨਮਾਨ ਵੀ ਕੀਤਾ ਗਿਆ।