ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

10/16/2018 10:03:51 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਗੁਰਦੁਆਰਾ ਸ੍ਰੀ ਸਿੰਘ ਸਭਾ ਬ੍ਰਿਸਬੇਨ (ਟਾਈਗਮ) ਗੁਰੂ ਘਰ ਦੀ ਨਵੀਂ ਕਮੇਟੀ ਦੀ ਸੰਗਤਾਂ ਵਲੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿਚ ਪਿਛਲੇ ਪੰਜ ਸਾਲਾਂ ਤੋਂ ਪ੍ਰਧਾਨਗੀ ਦੀ ਸੇਵਾ ਨਿਭਾ ਰਹੇ ਸ. ਸੁਖਦੇਵ ਸਿੰਘ ਗਰਚਾ ਨੂੰ ਉਨ੍ਹਾਂ ਵਲੋਂ ਕੀਤੇ ਜਾ ਰਹੇ ਸੁਚੱਜੇ ਕਾਰਜਾਂ ਲਈ ਛੇਵੇਂ ਵਰ੍ਹੇ ਫਿਰ ਤੋਂ ਪ੍ਰਧਾਨਗੀ ਸੌਂਪੀ ਗਈ ਹੈ। ਰਣਦੀਪ ਸਿੰਘ ਜੌਹਲ ਜਨਰਲ ਸਕੱਤਰ, ਪਰਮਿੰਦਰ ਸਿੰਘ ਅਟਵਾਲ ਮੈਂਬਰ, ਭਾਈ ਬਲਜੀਤ ਸਿੰਘ ਮੈਂਬਰ, ਸੂਬਾ ਸਿੰਘ ਮੈਂਬਰ, ਸਤਿੰਦਰਜੀਤ ਸਿੰਘ ਮੈਂਬਰ ਤੇ ਅਮਰੀਕ ਸਿੰਘ ਆਦਿ ਮੈਂਬਰਾਨ ਸਾਂਝੇ ਤੌਰ 'ਤੇ ਗੁਰੂ ਘਰ ਦੀ ਸੇਵਾ ਸੰਭਾਲ ਤੇ ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ ਇਕ ਸਾਲ ਦੇ ਲਈ ਸੇਵਾ ਨਿਭਾਉਣਗੇ।

ਇਸ ਮੌਕੇ 'ਤੇ ਨਵੇ ਬਣੇ ਪ੍ਰਧਾਨ ਸੁਖਦੇਵ ਸਿੰਘ ਗਰਚਾ ਨੇ ਮੈਂਬਰਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਦੇਸ਼ ਦੇ ਵਿਚ ਸਾਡੀ ਅਜੋਕੀ ਪੀੜ੍ਹੀ ਨੂੰ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਸ਼ਾਨਾਮੱਤੀ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਜੀ ਦੀਆਂ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਚਾਨਣਾ ਪਾ ਕੇ ਜਾਗਰੂਕ ਕਰਨਾ ਵੀ ਅਜੋਕੇ ਦੌਰ ਵਿਚ ਬਹੁਤ ਹੀ ਜਰੂਰੀ ਹੈ, ਜਿਸ ਨਾਲ ਅਸੀਂ ਸਥਾਨਕ ਲੋਕਾਂ ਨੂੰ ਆਪਣੀ ਪਹਿਚਾਣ ਦੱਸ ਕੇ ਵਿਦੇਸ਼ਾਂ ਵਿਚ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਵਿਚ ਸਹਾਈ ਸਿੱਧ ਹੋ ਸਕਦੇ ਹਾਂ।ਉਨ੍ਹਾਂ ਅੱਗੇ ਕਿਹਾ ਕਮੇਟੀ ਸਿੱਖੀ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਰਹੇਗੀ।