ਚਮਤਕਾਰ: ਗਵਾਟੇਮਾਲਾ ''ਚ ਫਟੇ ਜਵਾਲਾਮੁਖੀ ਦੀ ਸੁਆਹ ''ਚੋਂ ਜਿਊਂਦੀ ਨਿਕਲੀ ਬੱਚੀ

06/06/2018 1:23:50 PM

ਗਵਾਟੇਮਾਲਾ— ਗਵਾਟੇਮਾਲਾ 'ਚ ਕਈਂ ਦਿਨਾਂ ਤੋਂ ਸਰਗਰਮ ਜਵਾਲਾਮੁਖੀ 'ਵੋਲੇਕਨ ਡੀ ਫਿਊਗੋ' ਵਿਚ ਧਮਾਕੇ ਨਾਲ ਕਈ ਲੋਕ ਮਾਰੇ ਗਏ ਹਨ। ਉਥੇ ਹੀ ਇਸ ਦੌਰਾਨ ਇਕ ਘਟਨਾ ਨੇ 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਯ' ਦੀ ਕਹਾਵਤ ਨੂੰ ਸੱਚ ਸਾਬਤ ਕਰ ਦਿੱਤਾ। ਇਕ ਪਾਸੇ ਜਿੱਥੇ ਐਤਵਾਰ ਦੀ ਸ਼ਾਮ ਨੂੰ ਹੋਏ ਇਸ ਵਾਲਾਮੁਖੀ ਧਮਾਕੇ ਨਾਲ ਹੁਣ ਤੱਕ 73 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਲੋਕ ਲਾਪਤਾ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਉਥੇ ਹੀ ਇਕ ਮਾਸੂਮ ਬੱਚੀ ਘੰਟਿਆਂ ਤੱਕ ਜਵਾਲਾਮੁਖੀ ਵਿਚੋਂ ਨਿਕਲੀ ਸੁਆਹ ਹੇਠਾਂ ਦੱਬੇ ਘਰ ਵਿਚੋਂ ਜਿਊਂਦੀ ਮਿਲੀ।


ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਗਵਾਟੇਮਾਲਾ ਵਿਚ ਜਵਾਲਾਮੁਖੀ ਧਮਾਕੇ ਤੋਂ ਬਾਅਦ ਇਲਾਕੇ ਵਿਚ ਜਵਾਲਾਮੁਖੀ ਦੀ ਸੁਆਹ ਫੈਲੀ ਹੋਈ। ਇਸ ਦੀ ਲਪੇਟ ਵਿਚ ਕਈ ਘਰ ਆ ਗਏ ਹਨ ਅਤੇ ਇਨ੍ਹਾਂ ਵਿਚੋਂ ਇਕ ਘਰ ਅਜਿਹਾ ਸੀ, ਜੋ ਪੂਰੀ ਤਰ੍ਹਾਂ ਨਾਲ ਸੁਆਹ ਨਾਲ ਢੱਕ ਚੁੱਕਾ ਸੀ। ਉਥੇ ਰੈਸਕਿਊ ਆਪਰੇਸ਼ਨ ਦੌਰਾਨ ਪੁਲਸ ਅਫਸਰ ਨੂੰ ਸੁਆਹ ਹੇਠਾਂ ਦੱਬੇ ਘਰ ਵਿਚ ਇਕ ਬੱਚੀ ਜਿਊਂਦੀ ਦਿਖਾਈ ਦਿੱਤੀ। ਹਾਲਾਂਕਿ ਇਸ ਘਰ ਤੱਕ ਪਹੁੰਚਣਾ ਆਸਾਨ ਨਹੀਂ ਸੀ ਪਰ ਪੁਲਸ ਅਫਸਰ ਪੌੜੀ ਦੇ ਸਹਾਰੇ ਘਰ ਤੱਕ ਕਿਸੇ ਤਰ੍ਹਾਂ ਪੁੱਜਾ ਅਤੇ ਬਹਾਦਰੀ ਦਿਖਾਉਂਦੇ ਹੋਏ ਉਸ ਬੱਚੀ ਨੂੰ ਘਰੋਂ ਜਿੰਦਾ ਬਾਹਰ ਕੱਢਣ ਵਿਚ ਕਾਮਯਾਬ ਰਿਹਾ। ਇਸ ਰੈਸਕਿਊ ਆਪਰੇਸ਼ਨ ਵਿਚ ਚਮਤਕਾਰ ਵਾਲੀ ਗੱਲ ਇਹ ਸੀ ਕਿ ਪੂਰਾ ਘਰ ਸੁਆਹ ਨਾਲ ਢਕਿਆ ਹੋਇਆ ਸੀ ਪਰ ਬੱਚੀ 'ਤੇ ਥੋੜ੍ਹੀ ਜਿਹੀ ਵੀ ਸੁਆਹ ਨਹੀਂ ਪਈ।