ਕੋਰੋਨਾ ਵਾਇਰਸ ਵਿਚਾਲੇ ਯੂਨਾਨ ਨੇ ਟੋਕੀਓ ਨੂੰ ਸੌਂਪੀ ਓਲੰਪਿਕ ਮਸ਼ਾਲ

03/19/2020 7:11:03 PM

ਏਥਨਜ਼- ਯੂਨਾਨ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਓਲੰਪਿਕ ਨੂੰ ਮੁਲਤਵੀ ਕਰਨ ਦੀਆਂ ਅਪੀਲਾਂ ਵਿਚਾਲੇ ਵੀਰਵਾਰ ਨੂੰ ਇੱਥੇ ਬੰਦ ਦਰਵਾਜ਼ਿਆਂ ਦੇ ਅੰਦਰ ਆਯੋਜਿਤ ਕੀਤੇ ਗਏ ਸਮਾਰੋਹ ਵਿਚ ਟੋਕੀਓ-2020 ਦੇ ਆਯੋਜਕਾਂ ਨੂੰ ਓਲੰਪਿਕ ਮਸ਼ਾਲ ਸੌਂਪੀ। ਦਰਸ਼ਕਾਂ ਦੀ ਗੈਰ-ਮੌਜੂਦਗੀ ਵਿਚ ਓਲੰਪਿਕ ਜਿਮਨਾਸਟ ਚੈਂਪੀਅਨ ਲੈਫਟੇਰਿਸ ਪੇਟ੍ਰੋਨੀਆਸ ਨੇ ਮਸ਼ਾਲ ਲੈ ਕੇ ਦੌੜ ਲਾਈ, ਜਦਕਿ ਓਲੰਪਿਕ ਪੋਲ ਵਾਲਟ ਚੈਂਪੀਅਨ ਕੈਟਰੀਨਾ ਸਟੇਫਨਿਡੀ ਨੇ ਪੈਨਥੈਨਿਸਕ ਸਟੇਡੀਅਮ ਦੇ ਅੰਦਰ ਓਲੰਪਿਕ 'ਅਗਨੀ ਕੁੰਡ' ਨੂੰ ਜਗਾਇਆ। ਇਸੇ ਸਟੇਡੀਅਮ ਵਿਚ 1896 ਵਿਚ ਪਹਿਲੀਆਂ ਗੈਰ-ਅਧਿਕਾਰਤ ਓਲੰਪਿਕ ਖੇਡਾਂ ਹੋਈਆਂ ਸਨ।

ਇਸ ਤੋਂ ਬਾਅਦ ਇਹ ਮਸ਼ਾਲ ਟੋਕੀਓ-2020 ਦੇ ਪ੍ਰਤੀਨਿਧੀ ਨਾਓਕੋ ਇਮੋਤੋ ਨੂੰ ਸੌਂਪ ਦਿੱਤੀ ਗਈ। ਇਮੋਤੋ ਤੈਰਾਕ ਹੈ ਤੇ ਉਸ ਨੇ 1996 ਅਟਲਾਂਟਾ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ। ਯੂਨੀਸੈੱਫ ਦੀ ਪ੍ਰਤੀਨਿਧੀ ਇਮੋਤੋ ਨੂੰ ਆਖਰੀ ਪਲਾਂ ਵਿਚ ਨਿਯੁਕਤ ਕੀਤਾ ਗਿਆ ਕਿਉਂਕਿ ਉਹ ਯੂਨਾਨ ਵਿਚ ਰਹਿੰਦੀ ਹੈ ਤੇ ਉਸ ਨੂੰ ਜਾਪਾਨ ਤੋਂ ਯਾਤਰਾ ਕਰਨ ਦੀ ਲੋੜ ਨਹੀਂ ਪਈ। ਪਿਛਲੇ ਹਫਤੇ ਪ੍ਰਾਚੀਨ ਓਲੰਪਿਕ ਵਿਚ ਮਸ਼ਾਲ ਜਗਾਉਣ ਦਾ ਸਮਾਰੋਹ ਵੀ ਦਰਸ਼ਕਾਂ ਤੋਂ ਬਿਨਾਂ ਆਯੋਜਿਤ ਕੀਤਾ ਗਿਆ ਸੀ।

Ranjit

This news is Content Editor Ranjit