ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ''ਚ ਦਾਖਲ ਹੋਣ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਚੇਤਾਵਨੀ

08/23/2017 12:04:54 AM

ਮਾਂਟਰੀਅਲ-ਕੈਨੇਡਾ ਵਲੋਂ ਪ੍ਰਵਾਸੀਆਂ ਦੀ ਵਧਦੀ ਗਿਣਤੀ ਨੂੰ ਕਾਬੂ ਹੇਠ ਕਰਨ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਕੈਨੇਡਾ ਦੇ 2 ਲਿਬਰਲ ਕੈਬਨਿਟ ਮੰਤਰੀਆਂ ਨੇ ਸੋਮਵਾਰ ਨੂੰ ਕੈਨੇਡਾ-ਅਮਰੀਕਾ ਸਰਹੱਦ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੈਰ-ਕਾਨੂੰਨੀ ਢੰਗ ਨਾਲ ਪੈਦਲ ਸਰਹੱਦ ਪਾਰ ਕਰਨ ਵਾਲੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ, ਜਿਨ੍ਹਾਂ ਕੋਲ ਦੇਸ਼ 'ਚ ਦਾਖਲ ਹੋਣ ਸੰਬੰਧੀ ਕੋਈ ਫਰੀ ਪਾਸ ਵਗੈਰਾ ਨਹੀਂ ਹੁੰਦਾ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨਾਲ ਸੈਂਟ-ਬਰਨਾਰਡ-ਡੇ=ਲਾਕੋਵੇ ਵਿਖੇ ਸਰਹੱਦ ਦਾ ਦੌਰਾ ਕਰ ਰਹੇ ਜਨਤਕ ਸੁਰੱਖਿਆ ਮੰਤਰੀ ਰਾਲਫ ਗੁੱਡੇਲ ਨੇ ਕਿਹਾ ਕਿ ਇਹ ਮੁਹੱਤਵੁਪੂਰਨ ਹੈ ਕਿ ਲੋਕਾਂ ਨੂੰ ਕੈਨੇਡਾ ਦੇ ਕਾਨੂੰਨ ਸੰਬੰਧੀ ਚੰਗੀ ਤਰ੍ਹਾਂ ਪਤਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਇਸ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹਾਂ ਅਤੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਰਹੱਦ ਪਾਰ ਕਰਨ ਦੀ ਉਮੀਦ ਇਕ ਲੋੜੀਂਦੀ ਜਾਂ ਲਾਭਕਾਰੀ ਚੀਜ਼ ਹੈ। ਕੈਨਡਾ 'ਚ ਦਾਖਲ ਹੋਣ ਵਾਲੇ ਹਰ ਵਿਅਕਤੀ ਨੂੰ ਸੁਰੱਖਿਆ ਜਾਂਚ ਅਤੇ ਇਮੀਗ੍ਰੇਸ਼ਨ ਮੁਲਾਂਕਣ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਬਾਰਡਰ ਸਰਵਿਸਿਜ਼ ਏਜੰਸੀ, ਆਰ. ਸੀ. ਐੱਮ. ਪੀ. ਅਤੇ ਸਿਵਲ ਸੁਸਾਇਟੀ ਜਥੇਬੰਦੀਆਂ ਤਾਲਮੇਲ ਤਹਿਤ ਕੰਮ ਕਰ ਰਹੀਆਂ ਹਨ ਤਾਂ ਕਿ ਕੈਨੇਡਾ ਦੇ ਲੋਕਾਂ ਦਾ ਇਮੀਗ੍ਰੇਸ਼ਨ ਪ੍ਰਣਾਲੀ 'ਚ ਭਰੋਸਾ ਹੋਰ ਮਜ਼ਬੂਤ ਕੀਤਾ ਜਾ ਸਕੇ। ਇਹ ਟਿੱਪਣੀ ਪ੍ਰਧਾਨ ਮੰਤਰੀ ਜਸਟਿਨ ਟਪੂਡੋ ਦੇ ਐਤਵਾਰ ਨੂੰ ਦਿੱਤੇ ਉਸ ਬਿਆਨ ਨਾਲ ਰਲਦੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ 'ਚ ਦਾਖਲ ਹੋ ਰਹੇ ਸ਼ਰਨਾਰਥੀਆਂ ਨੂੰ ਰਿਹਾਇਸ਼ ਦੀ ਫਾਸਟ ਟਰੈਕ ਸਹੂਲਤ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਲੰਘੇ ਮਹੀਨਿਆਂ ਦੌਰਾਨ ਹਜ਼ਾਰਾਂ ਸ਼ਰਨਾਰਥੀਆਂ 'ਚ ਹੋਏ ਵਾਧੇ ਨੂੰ ਲੈ ਕੇ ਵੀ ਚਿੰਤਤ ਹਨ। ਕਿਊਹਿਕ ਸਰਹੱਦ 'ਤੇ ਪ੍ਰਵਾਸੀਆਂ ਦੀ ਗਿਣਤੀ ਅਗਸਤ ਮਹੀਨੇ 'ਚ 3800 ਤਕ ਪਹੁੰਚ ਗਈ ਹੈ, ਜੋ ਕਿ ਜੁਲਾਈ ਮਹੀਨੇ ਨਾਲੋ ਕਿਤੇ ਵੱਧ ਹੈ।