ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ 'ਤੇ ਚੱਲੇਗਾ ਮੁਕੱਦਮਾ

01/04/2018 5:31:38 PM

ਸੋਲ (ਭਾਸ਼ਾ)— ਦੱਖਣੀ ਕੋਰੀਆ ਦੇ ਰਾਸ਼ਟਰਪਤੀ ਅਹੁਦੇ ਤੋਂ ਹਟਾਈ ਜਾ ਚੁੱਕੀ ਪਾਰਕ ਗਵੇਨ-ਹਾਈ 'ਤੇ ਸਰਕਾਰੀ ਖੁਫੀਆ ਏਜੰਸੀ ਤੋਂ ਕਰੋੜਾਂ ਡਾਲਰ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ 'ਤੇ 18 ਦੋਸ਼ਾਂ ਵਿਚ ਪਹਿਲਾਂ ਤੋਂ ਹੀ ਮੁਕੱਦਮਾ ਚੱਲ ਰਿਹਾ ਹੈ। ਇਸਤਗਾਸਾ ਪੱਖ ਨੇ ਦੱਖਣੀ ਕੋਰੀਆਈ ਮੀਡੀਆ ਨੂੰ ਦੱਸਿਆ ਕਿ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪਾਰਕ ਨੇ ਸਾਲ 2013 ਦੀ ਸ਼ੁਰੂਆਤ ਵਿਚ ਸਹੂੰ ਚੁੱਕਣ ਦੇ ਤੁਰੰਤ ਬਾਅਦ ਤੋਂ ਲੈ ਕੇ ਸਾਲ 2016 ਦੇ ਮੱਧ ਤੱਕ ਹਰ ਮਹੀਨੇ ਨੈਸ਼ਨਲ ਇੰਟੈਲੀਜੈਂਸ ਸਰਵਿਸ (ਐੱਨ. ਆਈ. ਐੱਸ.) ਤੋਂ 5 ਅਤੇ 20 ਕਰੋੜ ਵੋਨ ਦੇ ਵਿਚਕਾਰ ਦੀ ਰਾਸ਼ੀ ਹਾਸਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੁਲ 3.8 ਅਰਬ ਵੋਨ ਦੀ ਨਕਦ ਰਾਸ਼ੀ ਕਥਿਤ ਤੌਰ 'ਤੇ ਐੱਨ. ਆਈ. ਐੱਸ. ਏਜੰਟਾਂ ਨੇ ਪਾਰਕ ਦੇ ਸਾਥੀਆਂ ਨੂੰ ਦਿੱਤੀ। ਇਹ ਰਾਸ਼ੀ ਰਾਸ਼ਟਰਪਤੀ ਦੇ 'ਬਲੂ ਹਾਊਸ' ਨੇੜੇ ਪਾਰਕਿੰਗ ਦੀਆਂ ਬਹੁਤ ਘੱਟ ਬਿਜ਼ੀ ਥਾਵਾਂ 'ਤੇ ਜਾਂ ਸੁੰਨਸਾਨ ਥਾਵਾਂ 'ਤੇ ਦਿੱਤੀ ਗਈ। 
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਖੁਫੀਆ ਏਜੰਸੀ ਦੇ ''ਬਲਾਇੰਡ ਬਜਟ'' ਤੋਂ ਇਹ ਰਾਸ਼ੀ ਰਾਸ਼ਟਰਪਤੀ ਨੂੰ ਦਿੱਤੀ ਗਈ। ''ਬਲਾਇੰਡ ਬਜਟ'' ਕਰੋੜਾਂ ਡਾਲਰ ਦਾ ਉਹ ਖਾਸ ਫੰਡ ਹੁੰਦਾ ਹੈ, ਜਿਸ ਨੂੰ ਜਾਸੂਸੀ ਵਿਰੋਧੀ ਗਤੀਵਿਧੀਆਂ ਲਈ ਸਰਕਾਰ ਨੂੰ ਹਿਸਾਬ ਦਿੱਤੇ ਬਗੈਰ ਖਰਚ ਕੀਤਾ ਜਾ ਸਕਦਾ ਹੈ। ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਪਾਰਕ ਨੇ ਇਹ ਪੈਸੇ ਕਿੱਥੇ ਅਤੇ ਕਿਵੇਂ ਖਰਚ ਕੀਤੇ ਪਰ ਖਬਰਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਨਿਜ਼ੀ ਉਦੇਸ਼ਾਂ ਅਤੇ ਸਮਰਥਕ ਸਮੂਹਾਂ ਨੂੰ ਵਿੱਤੀ ਮਦਦ ਮੁਹੱਈਆ ਕਰਾਉਣ ਵਿਚ ਇਹ ਪੈਸਾ ਖਰਚ ਕੀਤਾ। ਪਾਰਕ 'ਤੇ ਰਿਸ਼ਵਰਖੋਰੀ, ਦਮਨ, ਵੱਡੇ-ਵੱਡੇ ਕਾਰੋਬਾਰੀਆਂ ਨੂੰ ਸਰਕਾਰੀ ਫਾਇਦਾ ਦਵਾਉਣ ਲਈ ਅਧਿਕਾਰਾਂ ਦੀ ਦੁਰਵਰਤੋਂ ਸਮੇਤ 18 ਦੋਸ਼ਾਂ ਵਿਚ ਮੁਕੱਦਮਾ ਚੱਲ ਰਿਹਾ ਹੈ। ਹੁਣ ਉਸ 'ਤੇ 19ਵੇਂ ਦੋਸ਼ ਤਹਿਤ ਮੁਕੱਦਮਾ ਚੱਲੇਗਾ।