ਗੂਗਲ ਅਰਥ ਨੇ ਸਾਊਦੀ ਅਰਬ ''ਚੋਂ ਲੱਭੇ ਪੱਥਰ ਦੇ ''ਪ੍ਰਾਚੀਨ ਦਰਵਾਜ਼ੇ''

10/25/2017 10:14:32 AM

ਮੈਲਬੌਰਨ,(ਬਿਊਰੋ)— ਵਿਗਿਆਨੀਆਂ ਨੇ ਗੂਗਲ ਅਰਥ ਇਮੇਜਰੀ ਦੀ ਮਦਦ ਨਾਲ ਸਾਊਦੀ ਅਰਬ 'ਚ ਪੱਥਰ ਦੇ 400 ਅਜਿਹੇ ਢਾਂਚਿਆਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦਾ ਪਹਿਲਾਂ ਕਦੇ ਕਿਸੇ ਦਸਤਾਵੇਜ਼ਾਂ 'ਚ ਜ਼ਿਕਰ ਨਹੀਂ ਸੀ। ਇਨ੍ਹਾਂ ਢਾਂਚਿਆਂ ਨੂੰ 'ਗੇਟਸ' ਦੇ ਨਾਂ 'ਤੋਂ ਜਾਣਿਆ ਜਾਂਦਾ ਹੈ। 'ਯੂਨੀਵਰਿਸਟੀ ਆਫ ਵੈਸਟਰਨ ਆਸਟਰੇਲੀਆ' 'ਚ ਜਾਂਚਕਰਤਾ ਡੇਵਿਡ ਕੈਨੇਡੀ ਨੇ ਦੱਸਿਆ ਕਿ ਸਾਊਦੀ ਅਰਬ ਨੂੰ ਮੁੱਖ ਤੌਰ 'ਤੇ 6 ਬੰਜਰ ਪਹਾੜਾਂ ਅਤੇ ਰੇਗਿਸਤਾਨਾਂ ਲਈ ਜਾਣਿਆ ਜਾਂਦਾ ਹੈ ਪਰ ਇਸ 'ਚ ਵੱਡੀ ਗਿਣਤੀ 'ਚ ਪੁਰਾਣੇ ਸਮੇਂ ਦੇ ਇਤਿਹਾਸਕ ਸਥਾਨ ਵੀ ਹੈ। ਇਨ੍ਹਾਂ ਦਾ ਅਜੇ ਵੀ ਪਤਾ ਲਗਾਇਆ ਜਾਣਾ ਹੈ ਅਤੇ ਨਕਸ਼ੇ 'ਚ ਦਰਸਾਉਣਾ ਵੀ ਬਾਕੀ ਹੈ। 
ਕੈਨੇਡੀ ਨੇ ਕਿਹਾ,''ਜ਼ਮੀਨੀ ਪੱਧਰ 'ਤੇ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਦੇਖ ਸਕਦੇ ਕਿ ਉਹ ਤੁਹਾਨੂੰ ਸਮਝ ਆ ਸਕਣ ਪਰ ਜਦ ਤੁਸੀਂ ਕੁੱਝ 100 ਕੁ ਫੁੱਟ ਉੱਤੇ ਉੱਠਦੇ ਹੋ ਤਾਂ ਉੱਪਰਲੇ ਉਪਗ੍ਰਹਿ ਤੋਂ ਉਹ ਬਹੁਤ ਖੂਬਸੂਰਤ ਲੱਗਦੇ ਹਨ। ਗੂਗਲ ਅਰਥ ਤੋਂ ਮਿਲੀਆਂ ਤਸਵੀਰਾਂ 'ਚ ਉੱਚਾਈ ਤੋਂ ਇਹ ਢਾਂਚੇ ਖੇਤਾਂ 'ਚ ਪਏ ਦਰਵਾਜ਼ਿਆਂ ਵਾਂਗ ਲੱਗਦੇ ਹਨ। ਉਨ੍ਹਾਂ ਨੇ ਕਿਹਾ,''ਮੈਂ ਉਨ੍ਹਾਂ ਨੂੰ ਗੇਟਸ ਕਹਿ ਰਿਹਾ ਹਾਂ ਕਿਉਂਕਿ ਜਦ ਤੁਸੀਂ ਉਨ੍ਹਾਂ ਨੂੰ ਉੱਪਰੋਂ ਦੇਖਦੇ ਹੋ ਤਾਂ ਖੇਤ 'ਚ ਪਏ ਸਮਾਨ ਦਰਵਾਜ਼ੇ ਦੀ ਤਰ੍ਹਾਂ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਢਾਂਚੇ ਅਜਿਹੇ ਨਹੀਂ ਲੱਗਦੇ ਕਿ ਉੱਥੇ ਲੋਕ ਕਦੇ ਰਹੇ ਹੋਣ। ਨਾ ਹੀ ਜਾਨਵਰਾਂ ਨੂੰ ਫਸਾਉਣ ਵਾਲੇ ਜਾਲ ਜਾਂ ਲਾਸ਼ਾਂ ਸੁੱਟਣ ਵਾਲੀਆਂ ਥਾਵਾਂ ਲੱਗਦੀਆਂ ਹਨ। ਇਹ ਇਕ ਰਹੱਸ ਹੈ ਕਿ ਇਨ੍ਹਾਂ ਦਾ ਕੀ ਮਕਸਦ ਹੋਵੇਗਾ? ਇਹ ਸਪੱਸ਼ਟ ਨਹੀਂ। ਉਨ੍ਹਾਂ ਕਿਹਾ ਕਿ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ ਕਿ ਇਹ ਢਾਂਚੇ ਕਿਨ੍ਹਾਂ ਲੋਕਾਂ ਨੇ ਬਣਾਏ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਨਿਰਮਾਣ 2000 ਤੋਂ 9000 ਸਾਲ ਪਹਿਲਾਂ ਕੀਤਾ ਗਿਆ ਹੋਵੇਗਾ।