ਸਿੱਖ ਸੰਗਤਾਂ ਲਈ ਵੱਡੀ ਖੁਸ਼ਖਬਰੀ, ਦੁਨੀਆ ਦੇ ਇਸ ਮਸ਼ਹੂਰ ਦੇਸ਼ ''ਚ ਖੁੱਲ੍ਹੇਗਾ ਗੁਰਦੁਆਰਾ ਸਾਹਿਬ

06/17/2017 8:35:33 AM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਕੈਂਬਰਿਜ (ਕਿਚਨੇਰ-ਵਾਟਰਲੂ) 'ਚ ਐਤਵਾਰ ਨੂੰ ਇਕ ਨਵੇਂ ਗੁਰਦੁਆਰਾ ਸਾਹਿਬ ਖੋਲ੍ਹਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸੰਗਤਾਂ ਦੇ ਦਿਲਾਂ 'ਚ ਕਾਫੀ ਉਤਸ਼ਾਹ ਹੈ। ਲੰਬੇ ਸਮੇਂ ਤੋਂ ਇਸ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ, ਜੋ ਹੁਣ ਜਾ ਕੇ ਨਪੇਰੇ ਚੜ੍ਹਿਆ ਹੈ। ਸ਼ਹਿਰ ਦੇ ਪੂਰਬੀ ਹਿੱਸੇ ਦੇ ਅਖੀਰ 'ਚ ਟਾਊਨਡਲਾਈਨ ਰੋਡ 'ਤੇ ਇਹ ਗੁਰਦੁਆਰਾ ਸਥਿਤ ਹੈ। 
ਪ੍ਰਬੰਧਕ ਕਮੇਟੀ ਦੇ ਮੈਂਬਰ ਇਰਨਦੀਪ ਬਦਿਆਲ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਗ੍ਰੈਂਡ ਓਪਨਿੰਗ ਕੀਤੀ ਜਾਵੇਗੀ। ਲੰਬੇ ਸਮੇਂ ਦੀ ਮਿਹਨਤ ਮਗਰੋਂ ਹੁਣ ਗੁਰਦੁਆਰਾ ਸਾਹਿਬ ਖੋਲ੍ਹਿਆ ਜਾਵੇਗਾ। 


ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੁਣ ਹਰ ਤਿਉਹਾਰ, ਨਵਾਂ ਸਾਲ, ਗੁਰਪੁਰਬ ਅਤੇ ਹੋਰ ਵਿਆਹ ਆਦਿ ਦੇ ਪ੍ਰਬੰਧ ਗੁਰਦੁਆਰਾ ਸਾਹਿਬ 'ਚ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਜ਼ਰੂਰਤ ਸਮੇਂ ਇੱਥੇ ਲੋਕਾਂ ਨੂੰ ਮਦਦ ਦਿੱਤੀ ਜਾ ਸਕੇਗੀ। ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਸਾਲ 2000 'ਚ ਯੋਜਨਾ ਤਿਆਰ ਕੀਤੀ ਗਈ ਸੀ ਅਤੇ 2013 ਤੋਂ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਸੀ। 


ਇਸ ਲਈ ਵਧੇਰੇ ਦਾਨ ਰਾਸ਼ੀ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਯੂ.ਕੇ ਤਕ ਤੋਂ ਆਈ ਹੈ। ਐਤਵਾਰ ਨੂੰ ਗੁਰਦੁਆਰਾ ਸਾਹਿਬ 'ਚ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ ਤੇ ਸੰਗਤਾਂ ਨੂੰ ਲੰਗਰ ਛਕਾਇਆ ਜਾਵੇਗਾ। ਪ੍ਰਬੰਧਕਾਂ ਨੇ ਲੋਕਾਂ ਨੂੰ ਵਧ-ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਕਿ ਸੰਗਤ ਸਿਰ ਢੱਕ ਕੇ ਹੀ ਆਵੇ ਤੇ ਉਹ ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਬੂਟ ਤੇ ਜੁੱਤੀਆਂ ਉਤਾਰ ਕੇ ਆਉਣ। ਇਸ ਤੋਂ ਇਲਾਵਾ ਸੰਗਤ ਨੂੰ ਇੱਥੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਤੇ ਬੀੜੀ, ਸਿਗਰਟ ਤੇ ਸ਼ਰਾਬ ਆਦਿ ਪੀਣ ਦੀ ਸਖਤ ਮਨਾਹੀ ਹੈ। ਇਸ ਲਈ ਸੰਗਤ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੇ।