UK : ਗੋਲਡਸਮਿੱਥ ਯੂਨੀਵਰਸਿਟੀ ਨੇ ਆਪਣੇ ਕੈਂਪਸ ''ਚ ਬੈਨ ਕੀਤਾ ਬੀਫ

08/14/2019 2:37:29 PM

ਲੰਡਨ— ਸੋਮਵਾਰ ਨੂੰ ਲੰਡਨ ਦੀ ਗੋਲਡਸਮਿੱਥ ਯੂਨੀਵਰਸਿਟੀ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਦੇ ਖਤਰੇ ਨਾਲ ਲੜਨ ਲਈ ਅਗਲੇ ਮਹੀਨੇ ਤੋਂ ਉਨ੍ਹਾਂ ਦੇ ਕਾਲਜ ਕੈਂਪਸ 'ਚ ਬੀਫ (ਗਾਂ ਦਾ ਮਾਸ) ਨਹੀਂ ਵੇਚਿਆ ਜਾਵੇਗਾ। ਪੂਰੇ ਬ੍ਰਿਟੇਨ 'ਚ ਪਹਿਲੀ ਵਾਰ ਕਿਸੇ ਉੱਚ ਸਿੱਖਿਆ ਸੰਸਥਾ ਨੇ ਇਹ ਵੱਡਾ ਕਦਮ ਚੁੱਕਿਆ ਹੈ। ਗੋਲਡਸਮਿੱਥ ਯੂਨਵਰਸਿਟੀ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਕੈਂਪਸ 'ਚ ਬੀਫ ਨਹੀਂ ਵਿਕੇਗਾ।

ਇਸ ਦੇ ਨਾਲ ਹੀ ਉਹ ਇਕ ਵਾਰ ਵਰਤੋਂ 'ਚ ਆਉਣ ਵਾਲੀ ਪਲਾਸਟਿਕ ਦੀ ਵਰਤੋਂ ਕਰਨ 'ਤੇ ਵੀ ਰੋਕ ਲਗਾ ਰਹੇ ਹਨ। ਗੋਲਡਸਮਿੱਥ ਦੇ ਮੁਖੀ ਫਰਾਂਸਸ ਕੋਰਨਰ ਨੇ ਕਿਹਾ ਕਿ ਇਸ ਤਹਿਤ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ, ਤਾਂ ਕਿ ਜਲਵਾਯੂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਦਿਆਰਥੀਆਂ ਅਤੇ ਸਟਾਫ ਵਲੋਂ ਕਿਹਾ ਗਿਆ ਹੈ ਕਿ ਉਹ ਇਸ ਚੰਗੇ ਕੰਮ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਪੂਰਾ ਸਹਿਯੋਗ ਕਰਨਗੇ। ਕਾਲਜ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹੈ ਕਿ ਉਹ 2025 ਤਕ ਇਸ ਸਮੱਸਿਆ ਨੂੰ ਹੱਲ ਕਰਨ ਲਈ ਪੂਰਾ ਜ਼ੋਰ ਲਗਾ ਦੇਣ।

ਜਲਵਾਯੂ ਪਰਿਵਰਤਨ 'ਤੇ ਯੂ. ਐੱਨ. ਦੇ ਅੰਤਰ ਸਰਕਾਰ ਪੈਨਲ ਨੇ ਕਿਹਾ ਕਿ ਜੰਗਲਾਂ ਦੀ ਕਟਾਈ ਅਤੇ ਗਰਮੀ ਫੈਲਾਉਣ ਵਾਲੀਆਂ ਗੈਸਾਂ ਕਾਰਨ ਗਲੋਬਲ ਵਾਰਮਿੰਗ ਲਗਾਤਾਰ ਵਧ ਰਹੀ ਹੈ। ਕਾਲਜ ਦੇ ਅਧਿਕਾਰੀਆਂ ਵਲੋਂ ਕਈ ਵਪਾਰਕ ਸੰਸਥਾਵਾਂ ਨਾਲ ਬੀਫ ਖਾਣ 'ਤੇ ਰੋਕ ਲਗਾਉਣ ਅਤੇ ਲੋਕਾਂ ਨੂੰ ਸੁਚੇਤ ਕਰਨ ਸਬੰਧੀ ਕੋਸ਼ਿਸ਼ਾਂ ਚੱਲ ਰਹੀਆਂ ਹਨ। ਪਿਛਲੇ ਜੁਲਾਈ ਮਹੀਨੇ 'ਵੀ ਵਰਕ' ਨਾਂ ਦੀ ਕੰਪਨੀ ਜੋ 22 ਦੇਸ਼ਾਂ 'ਚ ਕੰਮ ਕਰਦੀ ਹੈ, ਨੇ ਆਪਣੇ ਸਟਾਫ 'ਤੇ ਮੀਟ ਖਾਣ 'ਤੇ ਰੋਕ ਲਗਾ ਦਿੱਤੀ ਸੀ। ਅਜਿਹਾ ਕਰਨ ਵਾਲੀ ਇਹ ਪਹਿਲੀ ਕੌਮਾਂਤਰੀ ਸੰਸਥਾ ਬਣੀ ਹੈ।