ਗੋਲਡਨ ਵਿਰਸਾ ਯੂ. ਕੇ. ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

07/19/2021 9:07:47 PM

ਲੰਡਨ (ਰਾਜਵੀਰ ਸਮਰਾ)-ਵਿਦੇਸ਼ ’ਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਹਮੇਸ਼ਾ ਯਤਨਸ਼ੀਲ ਸੰਸਥਾ ਗੋਲਡਨ ਵਿਰਸਾ ਯੂ. ਕੇ. ਵੱਲੋਂ ਰਾਜਨਦੀਪ ਕੌਰ ਸਮਰਾ ਦੀ ਅਗਵਾਈ ’ਚ ਸਾਊਥਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਯੂ. ਕੇ. ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੀਆਂ ਪੰਜਾਬਣਾਂ ਤੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਦਿੰਦਿਆਂ ਬੋਲੀਆਂ ਅਤੇ ਗਿੱਧੇ ਦੀ ਧਮਕ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਗੋਰਿਆਂ ਦੀ ਅੱਡੀ ਨੂੰ ਵੀ ਥਿਰਕਣ ਲਾ ਦਿੱਤਾ । ਤੀਆਂ ਦੇ ਇਸ ਤਿਉਹਾਰ ਦੌਰਾਨ ਇੰਝ ਪ੍ਰਤੀਤ ਹੁੰਦਾ ਸੀ, ਜਿਵੇਂ ਇਹ ਲੰਡਨ ਨਹੀਂ ਸਗੋਂ ਪੰਜਾਬ ਦੇ ਕਿਸੇ ਪਿੰਡ ਦਾ ਹੀ ਪ੍ਰੋਗਰਾਮ ਹੋਵੇ।

ਇਹ ਵੀ ਪੜ੍ਹੋ : ਅਮਰੀਕਾ ਦੇ ਹਿਊਸਟਨ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ 3 ਮੌਤਾਂ

ਇਸ ਮੌਕੇ ਮੁੱਖ ਪ੍ਰਬੰਧਕ ਨਸੀਬ ਕੌਰ ਮੱਲ੍ਹੀ ਨੇ ਤੀਆਂ ਦੇ ਤਿਉਹਾਰ ਨੂੰ ਕਾਮਯਾਬ ਕਰਨ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤਿਉਹਾਰ ਹਰ ਸਾਲ ਮਨਾਇਆ  ਜਾਵੇਗਾ । ਅਜਿਹੇ ਮੇਲੇ ਜੋ ਸਾਡੇ ਸੱਭਿਆਚਾਰ ਦਾ ਅਣਮੁੱਲਾ ਹਿੱਸਾ ਹਨ, ਸਾਨੂੰ ਸਭ ਨੂੰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਤੀਆਂ ਦਾ ਪ੍ਰੋਗਰਾਮ ਤਿੰਨ ਹਫ਼ਤੇ ਹੋਰ 25 ਜੁਲਾਈ, 1 ਅਤੇ 8 ਅਗਸਤ ਨੂੰ ਵੀ ਇਸੇ ਤਰ੍ਹਾਂ ਮਨਾਇਆ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਹੁੰਮ-ਹੁਮਾ ਕੇ ਅਗਲੇ ਮੇਲਿਆਂ ’ਚ ਵੀ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਕਮਲਜੀਤ ਧਾਮੀ, ਕੁਲਵੰਤ ਕੌਰ, ਸ਼ਿੰਦੋ ਕੌਰ ਗਰੇਵਾਲ ਆਦਿ ਵੱਡੀ ਗਿਣਤੀ ਬੀਬੀਆਂ ਤੇ ਮੁਟਿਆਰਾਂ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ।

Manoj

This news is Content Editor Manoj