ਆਸਟ੍ਰੇਲੀਆ : ਸਿੱਖ ਨੂੰ ਸਟੋਰ ਅੰਦਰ ਜਾਣ ਤੋਂ ਰੋਕਿਆ, ਕਿਹਾ- 'ਦਸਤਾਰ ਉਤਾਰੋ'

08/14/2018 12:10:45 PM

ਬ੍ਰਿਸਬੇਨ (ਏਜੰਸੀ)— ਵਿਦੇਸ਼ਾਂ 'ਚ ਰਹਿ ਰਹੇ ਸਿੱਖਾਂ ਨੂੰ ਕਦੇ ਨਸਲੀ ਹਮਲੇ ਤੇ ਕਦੇ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸਿੱਖ ਵਿਅਕਤੀ ਨੂੰ ਦਸਤਾਰ ਬੰਨ੍ਹੀ ਹੋਣ ਕਰ ਕੇ ਬੀ. ਪੀ. ਦੇ ਇਕ ਸਰਵਿਸ ਸਟੇਸ਼ਨ ਅੰਦਰ ਜਾਣ ਤੋਂ ਰੋਕਿਆ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਜੇਕਰ ਉਸ ਨੇ ਅੰਦਰ ਜਾਣਾ ਹੈ ਤਾਂ ਉਸ ਨੂੰ ਆਪਣੀ ਦਸਤਾਰ ਉਤਾਰਨੀ ਪਵੇਗੀ। ਉਕਤ ਸਿੱਖ ਵਿਅਕਤੀ ਦਾ ਨਾਂ ਮਨੂੰ ਕਾਲਾ ਹੈ, ਜੋ ਕਿ ਇਕ ਪੈਥੋਲੋਜੀ ਕੰਪਨੀ 'ਚ ਜਨਰਲ ਮੈਨੇਜਰ ਵਜੋਂ ਕੰਮ ਕਰਦੇ ਹਨ। 

ਮਨੂੰ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੀ ਰਾਤ ਨੂੰ ਤਕਰੀਬਨ 9.00 ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਛੋਟੀ ਦਸਤਾਰ ਬੰਨ੍ਹੀ ਹੋਈ ਸੀ ਅਤੇ ਉਹ ਸਰਵਿਸ ਸਟੇਸ਼ਨ ਆਪਣੀ ਧੀ ਲਈ ਦੁੱਧ ਖਰੀਦਣ ਗਏ ਸਨ ਪਰ ਦਸਤਾਰ ਬੰਨ੍ਹੀ ਹੋਣ ਕਰ ਕੇ ਉਨ੍ਹਾਂ ਨੂੰ ਸਟੋਰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਅੰਦਰ ਜਾਣਾ ਹੈ ਤਾਂ ਦਸਤਾਰ ਉਤਾਰਨੀ ਪਵੇਗੀ। ਮਨੂੰ ਨੇ ਸਟੋਰ ਦੇ ਕਾਮੇ ਨੂੰ ਕਿਹਾ ਕਿ ਉਹ ਇਕ ਸਿੱਖ ਹੈ ਅਤੇ ਇਸ ਤਰ੍ਹਾਂ ਜਨਤਕ ਥਾਂ 'ਤੇ ਦਸਤਾਰ ਨਹੀਂ ਉਤਾਰ ਸਕਦਾ। ਮਨੂੰ ਨੇ ਦੱਸਿਆ ਕਿ ਉਹ ਵਾਪਸ ਘਰ ਗਿਆ ਅਤੇ ਪੂਰੀ ਦਸਤਾਰ ਸਜਾ ਕੇ ਆਇਆ ਪਰ ਫਿਰ ਤੋਂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਘਟਨਾ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ, ਜਿਸ 'ਚ ਸਟੋਰ ਦਾ ਕਾਮਾ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਉਹ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। 


ਮਨੂੰ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਉਦੋਂ ਦਿੱਤੀ ਗਈ, ਜਦੋਂ ਸਟੋਰ ਦਾ ਮੈਨੇਜਰ ਉੱਥੇ ਆਇਆ। ਜਿਸ ਤੋਂ ਬਾਅਦ ਇਸ ਸਾਰੀ ਗੱਲ ਨੂੰ ਸੁਲਝਾਇਆ ਗਿਆ ਅਤੇ ਕਾਮੇ ਨੇ ਇਹ ਕਹਿੰਦੇ ਹੋਏ ਮੁਆਫੀ ਮੰਗੀ ਕਿ ਉਸ ਨੇ ਸਿੱਖ ਮਨੂੰ ਕਾਲਾ ਨੂੰ ਗਲਤ ਸਮਝ ਲਿਆ ਸੀ। ਓਧਰ ਸਰਵਿਸ ਸਟੇਸ਼ਨ ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਉਨ੍ਹਾਂ ਦੇ ਸਟੋਰ ਵਿਚ ਸੁਰੱਖਿਆ ਸਬੰਧੀ ਇਕ ਨੀਤੀ ਹੈ, ਜਿਸ ਦੇ ਤਹਿਤ ਅੰਦਰ ਆਉਣ ਵਾਲਿਆਂ ਨੂੰ ਸਿਰ ਤੋਂ ਟੋਪੀਆਂ ਆਦਿ ਉਤਾਰਨੀਆਂ ਹੁੰਦੀਆਂ ਹਨ ਪਰ ਧਾਰਮਿਕ ਚਿੰਨ੍ਹਾਂ ਜਿਵੇਂ ਪੱਗ ਆਦਿ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਮਨੂੰ ਕਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਤੋਂ ਉਹ ਹੈਰਾਨ ਹਨ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ 'ਚ ਰਹਿੰਦੇ ਉਨ੍ਹਾਂ ਨੂੰ 10 ਸਾਲ ਹੋ ਚੁੱਕੇ ਹਨ ਪਰ ਅਜਿਹੀ ਸਥਿਤੀ ਦਾ ਪਹਿਲੀ ਵਾਰ ਸਾਹਮਣਾ ਕਰਨਾ ਪਿਆ ਹੈ।