ਗਲਾਸਗੋ ''ਚ ਕ੍ਰਿਸਮਸ ਦੌਰਾਨ ਸਕੂਲ ਦੀਆਂ ਛੁੱਟੀਆਂ ''ਚ ਨਹੀਂ ਹੋਵੇਗਾ ਬਦਲਾਅ : ਜੌਨ ਸਵਿੰਨੇ

12/04/2020 4:28:39 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਵਿਚ ਕ੍ਰਿਸਮਸ ਦੌਰਾਨ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਮੰਤਰੀ ਜੌਨ ਸਵਿੰਨੇ ਦੁਆਰਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਸਕੂਲ ਦੀਆਂ ਛੁੱਟੀਆਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਡਿਪਟੀ ਫਸਟ ਮਿਨਿਸਟਰ ਅਨੁਸਾਰ ਸਕੂਲਾਂ ਦੇ ਕ੍ਰਿਸਮਸ ਤੋਂ ਪਹਿਲਾਂ ਜਲਦੀ ਬੰਦ ਅਤੇ ਜਨਵਰੀ ਵਿਚ ਦੇਰ ਨਾਲ ਖੋਲ੍ਹਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ ਹੈ।

ਇਸ ਸੰਬੰਧੀ ਕੌਂਸਲਾਂ ਨਾਲ ਸਕੂਲਾਂ ਨੂੰ 18 ਦਸੰਬਰ ਨੂੰ ਜਲਦੀ ਬੰਦ ਕਰਨ ਅਤੇ 11 ਜਨਵਰੀ ਤੱਕ ਵਾਪਸ ਨਾ ਖੋਲ੍ਹਣ ਬਾਰੇ ਗੱਲਬਾਤ ਹੋਈ ਸੀ। ਸਵਿੰਨੇ ਅਨੁਸਾਰ ਕੋਵਿਡ -19 ਦੇ ਸੰਚਾਰਣ ਨੂੰ ਨਿਯੰਤਰਤ ਕਰਨ ਅਤੇ ਕਮਜ਼ੋਰ ਬੱਚਿਆਂ ਦੀ ਰੱਖਿਆ ਕਰਨ ਦੀਆਂ ਯੋਜਨਾਵਾਂ ਲਈ ਸਕੂਲ ਖੁੱਲ੍ਹੇ ਰੱਖਣਾ ਜ਼ਰੂਰੀ ਹੈ ਕਿਉਂਕਿ ਜ਼ਿਆਦਾ ਸਮੇਂ ਲਈ ਸਕੂਲ ਤੋਂ ਬਾਹਰ ਰਹਿਣ ਨਾਲ ਬੱਚੇ ਜ਼ਿਆਦਾ ਖਤਰੇ ਵਿਚ ਪੈ ਸਕਦੇ ਹਨ । ਇਸ ਲਈ ਗਲਾਸਗੋ ਵਿਚ ਸਕੂਲ ਮੰਗਲਵਾਰ 22 ਦਸੰਬਰ, 2020 ਨੂੰ ਦੁਪਹਿਰ 2.30 ਵਜੇ ਬੰਦ ਹੋਣਗੇ ਅਤੇ ਬੁੱਧਵਾਰ 6 ਜਨਵਰੀ 2021 ਨੂੰ ਵਾਪਸ ਸਿੱਖਿਆ ਪ੍ਰਦਾਨ ਕਰਨ ਲਈ ਖੋਲ੍ਹੇ ਜਾਣਗੇ।

Sanjeev

This news is Content Editor Sanjeev