ਪਿਘਲਦੇ ਗਲੇਸ਼ੀਅਰ ਕਾਰਨ ਖਤਰੇ ''ਚ ਪਾਕਿ ਦਾ ਭਵਿੱਖ, ਜਾਣੋ ਕਿਉਂ ਡਰੇ ਹੋਏ ਹਨ ਲੋਕ

01/11/2020 7:38:34 PM

ਇਸਲਾਮਾਬਾਦ- ਵਿਸ਼ਾਲ ਸ਼ਿਸਪਰ ਗਲੇਸ਼ੀਅਰ ਦੇ ਕਾਰਨ ਪਾਕਿਸਤਾਨ ਦੇ ਹਸਨਾਬਾਦ ਪਿੰਡ ਦੇ ਲੋਕਾਂ ਦਾ ਇਕ-ਇਕ ਦਿਨ ਡਰ ਦੇ ਸਾਏ ਵਿਚ ਲੰਘ ਰਿਹਾ ਹੈ। ਉਹਨਾਂ ਦੀ ਜ਼ਿੰਦਗੀ 'ਤੇ ਖਤਰਾ ਕਿਸ ਕਦਰ ਮੰਡਰਾ ਰਿਹਾ ਹੈ, ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਗਲੇਸ਼ੀਅਰ ਰੋਜ਼ਾਨਾ ਕਰੀਬ ਚਾਰ ਮੀਟਰ ਦੀ ਦਰ ਨਾਲ ਉਹਨਾਂ ਵੱਲ ਵਧ ਰਿਹਾ ਹੈ।

ਜਲਵਾਯੂ ਪਰਿਵਰਤਨ ਦੇ ਕਾਰਨ ਜਿਥੇ ਦੁਨੀਆ ਭਰ ਵਿਚ ਜ਼ਿਆਦਾਤਰ ਗਲੇਸ਼ੀਅਰ ਸੁੰਗੜਦੇ ਜਾ ਰਹੇ ਹਨ। ਉਥੇ ਹੀ ਉੱਤਰੀ ਪਾਕਿਸਤਾਨ ਦੀ ਕਰਾਕੋਰਮ ਪਰਬਤੀ ਲੜੀ ਵਿਚ ਸਥਿਤ ਇਹ ਗਲੇਸ਼ੀਅਰ ਵਧ ਰਿਹਾ ਹੈ, ਜਿਸ ਦੇ ਕਾਰਨ ਸੈਂਕੜੇ ਟਨ ਬਰਫ ਤੇ ਮਲਬਾ ਤੇਜ਼ੀ ਨਾਲ ਹੇਠਾਂ ਆ ਰਿਹਾ ਹੈ, ਜਿਸ ਨਾਲ ਇਸ ਪਿੰਡ ਦੇ ਲੋਕਾਂ ਤੇ ਉਹਨਾਂ ਦੇ ਘਰਾਂ ਨੂੰ ਖਤਰਾ ਪੈਦਾ ਹੋ ਗਿਆ ਹੈ।

ਲੋਕਾਂ ਦੀ ਜ਼ਿੰਦਗੀ ਤੇ ਜਾਇਦਾਦ ਖਤਰੇ ਵਿਚ
ਪਿੰਡ ਦੇ ਹੀ ਰਹਿਣ ਵਾਲੇ ਬਸੀਰ ਅਲੀ ਦੇ ਮੁਤਾਬਕ ਲੋਕਾਂ ਦੀ ਜ਼ਿੰਦਗੀ, ਜਾਇਦਾਦ ਤੇ ਜਾਨਵਰ ਖਤਰੇ ਵਿਚ ਹੈ। ਗਲੇਸ਼ੀਅਰ ਦੀਆਂ ਝੀਲਾਂ, ਬਰਫ ਤੇ ਚੱਟਾਨਾਂ ਦੇ ਡਿਗਣ ਨਾਲ ਆਏ ਹੜ੍ਹ ਤੇ ਸਾਫ-ਸੁਥਰੇ ਪਾਣੀ ਦੀ ਕਮੀ ਇਸ ਦੇ ਰਸਤੇ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਨੂੰ ਗੰਭੀਰ ਖਤਰੇ ਵਿਚ ਪਾ ਰਹੀ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਪਾਕਿਸਤਾਨ ਦੇ ਇਗਨੇਸ ਆਰਟੀ ਨੇ ਕਿਹਾ ਕਿ ਜਦੋਂ ਇਕ ਗਲੇਸ਼ੀਅਰ ਝੀਲ ਫੱਟਦੀ ਹੈ ਤਾਂ ਇਹ ਨਾ ਸਿਰਫ ਬਰਫ, ਪਾਣੀ ਤੇ ਮਲਬਾ ਆਪਣੇ ਨਾਲ ਲਿਆਉਂਦੀ ਹੈ ਬਲਕਿ ਬਹੁਤ ਸਾਰਾ ਚਿੱਕੜ ਵੀ ਡਿੱਗਦਾ ਹੈ। ਇਸ ਦਾ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ। ਅਸਲ ਵਿਚ ਇਹ ਆਪਣੇ ਰਸਤੇ ਵਿਚ ਆਉਣ ਵਾਲੀ ਹਰ ਚੀਜ਼ ਨੂੰ ਤਬਾਹ ਕਰ ਦਿੰਦੀ ਹੈ।

Baljit Singh

This news is Content Editor Baljit Singh