ਕੜਾਕੇ ਦੀ ਠੰਡ 'ਚ ਰਾਤ ਨੂੰ ਬਾਹਰ ਨਿਕਲੀ ਢਾਈ ਸਾਲ ਦੀ ਮਾਸੂਮ, ਹੋਈ ਮੌਤ

01/16/2019 1:01:27 PM

ਨਿਊ ਹੈਮਪਸ਼ਾਇਰ, (ਏਜੰਸੀ)— ਅਮਰੀਕਾ ਦੇ ਸੂਬੇ ਨਿਊ ਹੈਮਪਸ਼ਾਇਰ 'ਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਇਸੇ ਕਾਰਨ ਇੱਥੇ ਇਕ ਬੱਚੀ ਦੀ ਮੌਤ ਹੋ ਗਈ। ਬੱਚੀ ਦੇ ਮਾਪੇ ਉਸ ਨਾਲ ਕਮਰੇ 'ਚ ਸੌਂ ਰਹੇ ਸਨ ਪਰ ਢਾਈ ਸਾਲਾ ਬੱਚੀ ਰਾਤ ਨੂੰ ਉੱਠ ਕੇ ਕਮਰੇ 'ਚੋਂ ਬਾਹਰ ਚਲੀ ਗਈ ਅਤੇ ਉੱਥੇ ਹੀ ਠੰਡ ਕਾਰਨ ਉਸ ਦੀ ਮੌਤ ਹੋ ਗਈ। ਇੱਥੇ ਪਾਰਾ ਮਨਫੀ ਤੋਂ ਵੀ ਹੇਠਾਂ ਹੋਣ ਕਾਰਨ ਇਹ ਭਾਣਾ ਵਾਪਰਿਆ। ਬੱਚੀ ਦਾ ਨਾਂ ਸੋਫੀਆ ਵੈਨ ਸ਼ੋਇਕ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਦੀ ਮੌਤ ਸ਼ੱਕੀ ਨਹੀਂ ਲੱਗ ਰਹੀ ਕਿਉਂਕਿ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਕਮਰੇ ਦਾ ਇਕ ਦਰਵਾਜ਼ਾ ਆਸਾਨੀ ਨਾਲ ਖੁੱਲ੍ਹ ਜਾਂਦਾ ਹੈ ਅਤੇ ਬੱਚੀ ਇਸ ਦਰਵਾਜ਼ੇ ਨੂੰ ਖੋਲ੍ਹ ਕੇ ਬਾਹਰ ਚਲੇ ਗਈ।

ਪਰਿਵਾਰ ਦੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੀ ਤੜਕੇ 4 ਵਜੇ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ ਪਰ ਉਨ੍ਹਾਂ ਨੂੰ ਉਹ ਕਿਤੇ ਦਿਖਾਈ ਨਹੀਂ ਦਿੱਤੀ, ਇਸ ਲਈ ਉਹ ਸੌਂ ਗਏ। ਉਨ੍ਹਾਂ ਨੇ ਜਦ ਪੌੜੀਆਂ ਕੋਲ ਬੱਚੀ ਦੀ ਲਾਸ਼ ਦੇਖੀ ਤਾਂ ਪਹਿਲਾਂ ਉਹ ਸਮਝੇ ਕਿ ਇਹ ਕੋਈ ਖਿਡੌਣਾ ਹੈ। ਬੱਚੀ ਦੇ ਦਾਦੇ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ ਨੇ ਹੀ ਉਨ੍ਹਾਂ ਨੂੰ ਦੱਸਿਆ ਕਿ ਬੱਚੀ ਬਾਹਰ ਡਿੱਗੀ ਹੋਈ ਹੈ।

ਪਰਿਵਾਰ ਨੇ ਬੱਚੀ ਨੂੰ ਕੰਬਲ 'ਚ ਲਪੇਟ ਲਿਆ ਅਤੇ ਐਮਰਜੈਂਸੀ ਸਰਵਿਸ ਲਈ ਫੋਨ ਕੀਤਾ। ਲੋਕਾਂ ਨੇ ਦੱਸਿਆ ਕਿ ਪਰਿਵਾਰ ਬਹੁਤ ਚੰਗਾ ਹੈ ਪਰ ਉਨ੍ਹਾਂ ਨਾਲ ਅਜਿਹਾ ਭਾਣਾ ਵਾਪਰ ਗਿਆ ਕਿ ਕਿਸੇ ਨੂੰ ਯਕੀਨ ਵੀ ਨਹੀਂ ਹੋ ਰਿਹਾ। ਉਨ੍ਹਾਂ ਨੇ ਕਿਹਾ ਕਿ ਉਹ ਪਿਆਰੀ ਬੱਚੀ ਆਪਣੀਆਂ ਸ਼ਰਾਰਤਾਂ ਨਾਲ ਸਭ ਦਾ ਧਿਆਨ ਖਿੱਚ ਲੈਂਦੀ ਸੀ ਪਰ ਹੁਣ ਉਹ ਇਸ ਦੁਨੀਆ 'ਚ ਨਹੀਂ ਹੈ। ਬੱਚੀ ਦੇ ਦਾਦੇ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਪੁੱਤ ਦੀ ਮੌਤ ਹੋ ਗਈ ਸੀ ਪਰ ਹੁਣ ਪੋਤੀ ਦੀ ਮੌਤ ਨਾਲ ਉਹ ਪੂਰੀ ਤਰ੍ਹਾਂ ਹਿੱਲ ਗਏ ਹਨ।