ਜਰਮਨੀ : ਕੈਮੀਕਲ ਕੰਪਲੈਕਸ ’ਚ ਜ਼ਬਰਦਸਤ ਧਮਾਕਾ, 16 ਲੋਕ ਜ਼ਖ਼ਮੀ ਤੇ 5 ਲਾਪਤਾ

07/27/2021 7:17:01 PM

ਇੰਟਰਨੈਸ਼ਨਲ ਡੈਸਕ : ਜਰਮਨੀ ਦਾ ਲੀਵਰਕੁਸੇਨ ਸ਼ਹਿਰ ਮੰਗਲਵਾਰ ਨੂੰ ਇਕ ਕੈਮੀਕਲ ਕੰਪਲੈਕਸ ’ਚ ਹੋਏ ਵਿਸਫੋਟ ਕਾਰਨ ਹਿੱਲ ਗਿਆ। ਧਮਾਕੇ ਤੋਂ ਬਾਅਦ ਹਰ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਇਸ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 16 ਲੋਕ ਜ਼ਖ਼ਮੀ ਹੋ ਗਏ । ਉਥੇ ਹੀ ਚਾਰ ਲੋਕ ਲਾਪਤਾ ਹਨ। ਜਰਮਨ ਸਮਾਚਾਰ ਏਜੰਸੀ ਡੀ. ਪੀ. ਏ. ਨੇ ਦੱਸਿਆ ਕਿ ਜਰਮਨੀ ਦੇ ਨਾਗਰਿਕ ਸੁਰੱਖਿਆ ਤੇ ਆਫਤ ਸਹਾਇਤਾ ਦੇ ਸੰਘੀ ਦਫਤਰ ਨੇ ਵਿਸਫੋਟ ਨੂੰ ‘ਬਹੁਤ ਜ਼ਿਆਦਾ’ ਖਤਰੇ ਦੇ ਤੌਰ ’ਤੇ ਵਰਗੀਕ੍ਰਿਤ ਕੀਤਾ ਤੇ ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਤੇ ਖਿੜਕੀਆਂ ਦਰਵਾਜ਼ੇ ਬੰਦ ਰੱਖਣ ਲਈ ਕਿਹਾ ਹੈ। ਹਾਲਾਂਕਿ ਘਟਨਾ ਤੋਂ ਬਾਅਦ ਕੋਲੋਨ ਫਾਇਰ ਵਿਭਾਗ ਨੇ ਟਵੀਟ ਕੀਤਾ ਕਿ ਹਵਾ ਪ੍ਰਦੂਸ਼ਣ ਨੂੰ ਮਾਪਣ ’ਤੇ ਕਿਸੇ ਤਰ੍ਹਾਂ ਦੀ ਆਸਾਧਾਰਨ ਹਾਲਤ ਨਹੀਂ ਦੇਖੀ ਗਈ।

ਇਹ ਵੀ ਪੜ੍ਹੋ : ਅਹਿਮ ਖਬਰ : ਭਾਰਤ ਤੋਂ UAE ਜਾਣ ਵਾਲਿਆਂ ਦੀ ਉਡੀਕ ਹੋਰ ਵਧੀ, ਫਲਾਈਟਾਂ ’ਤੇ 2 ਅਗਸਤ ਤਕ ਲੱਗੀ ਪਾਬੰਦੀ

ਉਨ੍ਹਾਂ ਕਿਹਾ ਕਿ ਧੂੰਆਂ ਘੱਟ ਹੋ ਗਿਆ ਹੈ ਪਰ ਉਹ ਜ਼ਹਿਰੀਲੇ ਪਦਾਰਥਾਂ ਲਈ ਹਵਾ ਨੂੰ ਮਾਪਦੇ ਰਹਿਣਗੇ। ਲੀਵਰਕੁਸੇਨ ਸ਼ਹਿਰ ਨੇ ਇਕ ਬਿਆਨ ’ਚ ਕਿਹਾ ਕਿ ਇਹ ਧਮਾਕਾ ਚੇਮਪਾਰਕ ਸਾਈਟ ’ਤੇ ਸਾਲਵੈਂਟਸ ਦੇ ਸਟੋਰੇਜ ਟੈਂਕ ਵਿਚ ਹੋਇਆ। ਚੇਮਪਾਰਕ ਸਾਈਟ ਰਾਈਨ ਨਦੀ ’ਤੇ ਕੋਲੋਨ ਤੋਂ ਲੱਗਭਗ 20 ਕਿਲੋਮੀਟਰ ਦੂਰ ਉੱਤਰ ’ਚ ਸਥਿਤ ਹੈ। ਉਸ ਨੇ ਕਿਹਾ ਕਿ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋਈ ਹੈ। 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ, ਜਦਕਿ 12 ਲੋਕ ਮਾਮੂਲੀ ਜ਼ਖਮੀ ਹਨ। ਇਸ ਤੋਂ ਇਲਾਵਾ ਧਮਾਕੇ ਤੋਂ ਬਾਅਦ 4 ਲੋਕ ਲਾਪਤਾ ਹੋ ਚੁੱਕੇ ਹਨ, ਜਿਨ੍ਹਾਂ ਨੂੰ ਲੱਭਿਆ ਜਾ ਰਿਹਾ ਹੈ।

ਕੂੜਾ ਪ੍ਰਬੰਧਨ ਕੇਂਦਰ ਦੇ ਸਟੋਰੇਜ ਟੈਂਕ ’ਚ ਹੋਇਆ ਧਮਾਕਾ : ਕੰਪਨੀ
ਸ਼ਹਿਰ ਦੇ ਅਧਿਕਾਰੀਆਂ ਨੇ ਧਮਾਕੇ ਤੋਂ ਤਕਰੀਬਨ 4 ਘੰਟੇ ਬਾਅਦ ਐਲਾਨ ਕੀਤਾ ਕਿ ਅੱਗ ਬੁਝਾ ਦਿੱਤੀ ਗਈ ਹੈ ਪਰ ਬਚਾਅ ਦਲ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਕੈਮੀਕਲ ਕੰਪਲੈਕਸ ਦਾ ਸੰਚਾਲਨ ਕਰਨ ਵਾਲੀ ਕੰਪਨੀ ਕਰੇਂਟਾ ਨੇ ਕਿਹਾ ਕਿ ਵਿਸਫੋਟ ਸਵੇਰੇ 9.40 ਵਜੇ ਉਨ੍ਹਾਂ ਦੇ ਕੂੜਾ ਪ੍ਰਬੰਧਨ ਕੇਂਦਰ ਦੇ ਸਟੋਰੇਜ ਟੈਂਕ ’ਚ ਹੋਇਆ ਤੇ ਫਿਰ ਅੱਗ ਲੱਗ ਗਈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਨਿਵਾਸੀਆਂ ਨੂੰ ਚੇਤਾਵਨੀ ਦੇਣ ਲਈ ਸਾਇਰਨ ਵਜਾਏ ਗਏ ਤੇ ਚੇਤਾਵਨੀ ਅਲਰਟ ਵੀ ਭੇਜੇ ਗਏ।

ਇਸ ਦੌਰਾਨ ਮੁੱਖ ਮਾਰਗਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਲਈ ਕਿਹਾ ਗਿਆ ਤੇ ਲੀਵਰਕੁਸੇਨ ਦੇ ਬਾਹਰ ਲੋਕਾਂ ਨੂੰ ਇਸ ਖੇਤਰ ’ਚ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਲੀਵਰਕੁਸੇਨ ’ਚ ਜਰਮਨੀ ਦੀਆਂ ਸਭ ਤੋਂ ਵੱਡੀਆਂ ਰਸਾਇਣਕ ਕੰਪਨੀਆਂ ’ਚੋਂ ਇਕ ਬਾਇਰ ਸਥਿਤ ਹੈ। ਇਸ ਦੇ ਤਕਰੀਬਨ 1,63,000 ਨਿਵਾਸੀ ਹਨ ਤੇ ਇਸ ਦੀਆਂ ਹੱਦਾਂ ਕੋਲੋਨ ਨਾਲ ਲੱਗਦੀਆਂ ਹਨ, ਜੋ ਜਰਮਨੀ ਦਾ ਚੌਥਾ ਵੱਡਾ ਸ਼ਹਿਰ ਹੈ।

Manoj

This news is Content Editor Manoj