ਬਰਤਾਨੀਆ ਦਾ ਭਵਿੱਖ ਤੈਅ ਕਰਨ ਲਈ ਅਹਿਮ ਮੰਨੀਆਂ ਜਾ ਰਹੀਆਂ ਹਨ ਆਮ ਚੋਣਾਂ

12/13/2019 1:52:14 AM

ਲੰਡਨ (ਮਨਦੀਪ ਖੁਰਮੀ)- ਬਰਤਾਨੀਆ ਪਿਛਲੇ ਪੰਜ ਸਾਲਾਂ ਤੋਂ ਨਿਰੰਤਰ ਚੋਣਾਂ ਦੀ ਖੇਡ ਖੇਡਦਾ ਨਜ਼ਰ ਆ ਰਿਹਾ ਹੈ। ਪਿਛਲੇ ਪੰਜ ਸਾਲਾਂ ਵਿਚ 3 ਵਾਰ ਆਮ ਚੋਣਾਂ ਦਾ ਬੋਝ ਆਮ ਲੋਕਾਂ ਨੂੰ ਵੀ ਝੱਲਣਾ ਪਿਆ ਹੈ। ਬ੍ਰੈਗਜ਼ਿਟ ਨਾਮ ਦੀ ਗੇਂਦ ਬਰਤਾਨਵੀ ਸਿਆਸਤ ਦੇ ਮੈਦਾਨ ਵਿਚ ਅਜਿਹੀ ਡਿੱਗੀ ਕਿ ਆਏ ਦਿਨ ਕੋਈ ਨਾ ਕੋਈ ਟੁੱਲ ਲੱਗਦਾ ਹੀ ਰਹਿੰਦਾ ਹੈ ਪਰ ਗੱਲ ਕਿਸੇ ਸਿਰੇ ਲਗਦੀ ਨਜ਼ਰ ਫਿਰ ਵੀ ਨਹੀਂ ਆ ਰਹੀ। ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਬਹੁਮਤ ਹਾਸਲ ਕਰਨ ਮਗਰੋਂ ਡੇਵਿਡ ਕੈਮਰਨ ਨੇ 11 ਮਈ 2010 ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ਉਸ ਵੱਲੋਂ ਬਰਤਾਨੀਆ ਤੇ ਯੂਰਪੀਅਨ ਯੂਨੀਅਨ ਦੇ ਰਿਸ਼ਤੇ ਸਬੰਧੀ ਚਾਰਾਜੋਈ ਤਾਂ ਕੀਤੀ ਗਈ ਪਰ ਬੂਰ ਨਾ ਪਿਆ। ਅਖੀਰ ਲੋਕ ਰਾਇ ਲੈਣ ਲਈ 23 ਜੂਨ 2016 ਦਾ ਦਿਨ ਰਾਇਸ਼ੁਮਾਰੀ ਦਾ ਦਿਨ ਮਿੱਥਿਆ ਗਿਆ, ਜਿਸ ਵਿਚ 3,35,77,342 ਕੁੱਲ ਵੋਟਾਂ ਵਿੱਚੋਂ 1,74,10,742 (51.89%) ਵੋਟਾਂ ਯੂਰਪੀਅਨ ਸੰਘ ਨੂੰ ਛੱਡਣ ਦੇ ਹੱਕ ਵਿਚ ਅਤੇ 1,61,41,241 (48.11%) ਵੋਟਾਂ ਯੂਰਪੀਅਨ ਸੰਘ ਨਾਲ ਰਹਿਣ ਦੇ ਹੱਕ ਵਿਚ ਭੁਗਤੀਆਂ ਸਨ।

ਪਹਿਲਾਂ ਕੀਤੇ ਐਲਾਨ ਅਨੁਸਾਰ ਡੇਵਿਡ ਕੈਮਰਨ ਆਪਣੇ ਗਲੋਂ ਇਹ ਮਸਲਾ ਲਾਹ ਕੇ 13 ਜੁਲਾਈ 2016 ਨੂੰ ਅਸਤੀਫਾ ਦੇ ਗਏ। ਉਨ੍ਹਾਂ ਤੋਂ ਬਾਅਦ ਉਸੇ ਪਾਰਟੀ ਦੀ ਹੀ ਪ੍ਰਮੁੱਖ ਥੈਰੇਸਾ ਮੇ ਨੇ 13 ਜੁਲਾਈ 2016 ਵਾਲੇ ਦਿਨ ਤੋਂ ਪ੍ਰਧਾਨ ਮੰਤਰੀ ਵਜੋਂ ਸੂਲਾਂ ਵਾਲਾ ਤਾਜ ਪਹਿਨਿਆ। 8 ਜੂਨ 2017 ਨੂੰ ਹੋਈਆਂ ਆਮ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਵੱਲੋਂ ਮੁੜ ਮੁੱਖ ਚਿਹਰੇ ਵਜੋਂ ਥੈਰੇਸਾ ਮੇ ਸਾਹਮਣੇ ਆਈ। ਲੇਬਰ ਪਾਰਟੀ ਦੇ ਜੈਰੇਮੀ ਕੌਰਬਿਨ ਦੇ ਵਿਰੁੱਧ 317-262 ਸੀਟਾਂ ਦੇ ਫਰਕ ਨਾਲ ਥੈਰੇਸਾ ਮੇ ਫਿਰ ਪ੍ਰਧਾਨ ਮੰਤਰੀ ਬਣੀ। ਸਿਤਮ ਦੀ ਗੱਲ ਇਹ ਰਹੀ ਕਿ ਬ੍ਰੈਗਜ਼ਿਟ ਵਾਲਾ ਜਿੰਨ ਉਸ ਕੋਲੋਂ ਫਿਰ ਵੀ ਕਾਬੂ ਨਾ ਆਇਆ। ਅੰਤ ਉਹ ਵੀ 24 ਜੁਲਾਈ 2019 ਨੂੰ ਪ੍ਰਧਾਨ ਮੰਤਰੀ ਵਾਲੇ ਅਹੁਦੇ ਨੂੰ ਅਲਵਿਦਾ ਕਹਿ ਗਈ ਤੇ ਫਿਰ ਉਸੇ ਅਹੁਦੇ 'ਤੇ ਬਿਰਾਜਮਾਨ ਹੋ ਕੇ ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਵਜੋਂ ਕਮਾਨ ਸਾਂਭੀ। ਬਰਤਾਨੀਆ ਨੂੰ ਯੂਰਪੀਅਨ ਸੰਘ ਨਾਲੋਂ ਹਰ ਹੀਲੇ ਅਲਵਿਦਾ ਕਰਵਾ ਕੇ ਰਹਿਣ ਦੀ ਜ਼ਿੱਦ ਵਾਲੇ ਬੋਰਿਸ ਜਾਨਸਨ ਨੇ 15 ਅਕਤੂਬਰ 2019 ਨੂੰ ਮੁੜ ਆਮ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।

ਅੱਜ ਦਾ ਦਿਨ
ਬਰਤਾਨਵੀ ਇਤਿਹਾਸ ਵਿਚ ਪਹਿਲੀ ਵਾਰ ਆਮ ਚੋਣਾਂ ਦਸੰਬਰ 1923 ਵਿਚ ਹੋਈਆਂ ਸਨ। ਅੱਜ 650 ਸੀਟਾਂ ਲਈ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਵੱਲੋਂ 635, ਲੇਬਰ ਵੱਲੋਂ 632, ਲਿਬਰਲ ਡੈਮੋਕ੍ਰੇਟਿਕ ਵੱਲੋਂ 611, ਗਰੀਨ ਪਾਰਟੀ ਵੱਲੋਂ 498 ਉਮੀਦਵਾਰ ਮੈਦਾਨ ਵਿਚ ਹਨ। ਇਸੇ ਤਰ੍ਹਾਂ ਹੀ ਹੋਰ ਪਾਰਟੀਆਂ ਵੱਲੋਂ ਵੀ ਆਪਣੇ ਆਧਾਰ ਅਨੁਸਾਰ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ। ਪ੍ਰਮੁੱਖ 8 ਪਾਰਟੀਆਂ ਦੇ 80 ਫੀਸਦੀ ਉਮੀਦਵਾਰ ਚੋਣ ਮੈਦਾਨ ਵਿਚ ਹਨ। ਵੱਡੀ ਗੱਲ ਇਹ ਹੈ ਕਿ ਬਰਤਾਨੀਆ ਦੀਆਂ ਇਹ ਆਮ ਚੋਣਾਂ ਸਮੁੱਚੇ ਵਿਸ਼ਵ ਲਈ ਇਸ ਗੱਲੋਂ ਵੀ ਸਬਕ ਹਨ ਕਿ ਨਾ ਤਾਂ ਕਿਧਰੇ ਕੋਈ ਸ਼ੋਰ ਸ਼ਰਾਬਾ ਨਜ਼ਰ ਆ ਰਿਹਾ ਹੈ, ਨਾ ਹੀ ਕਿਧਰੇ ਕੋਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਦਿਖਾਈ ਦੇ ਰਹੇ ਹਨ।

ਬੈਲੇਟ ਪੇਪਰਾਂ ਰਾਹੀਂ ਪੈ ਰਹੀਆਂ ਵੋਟਾਂ ਵਿਚ ਈ.ਵੀ.ਐੱਮ. ਵਰਗੀ ਕਿਸੇ ਤਕਨੀਕ ਦਾ ਨਾਮੋ-ਨਿਸ਼ਾਨ ਤੱਕ ਨਹੀਂ ਹੈ। ਸਮੁੱਚੇ ਦੇਸ਼ ਦੀਆਂ 650 ਸੀਟਾਂ ਵਿੱਚੋਂ 533 ਇੰਗਲੈਂਡ, 59 ਸਕਾਟਲੈਂਡ, 40 ਵੇਲਜ਼ ਅਤੇ 18 ਉੱਤਰੀ ਆਇਰਲੈਂਡ ਅਧੀਨ ਆਉਂਦੀਆਂ ਹਨ। ਚੋਣਾਂ ਲੜਨ ਲਈ ਕਾਗਜ਼ ਭਰਨ ਦੀ ਆਖਰੀ ਮਿਤੀ 14 ਨਵੰਬਰ 2019 ਤੱਕ ਦੇ ਅੰਕੜੇ ਦੱਸਦੇ ਹਨ ਕਿ ਕੁੱਲ 3415 ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਵਿਚ ਜ਼ੋਰ-ਅਜ਼ਮਾਈ ਕਰਨੀ ਹੈ ਜਦੋਂਕਿ 2017 ਵਿਚ ਇਹ ਗਿਣਤੀ 3303 ਅਤੇ 2015 ਵਿਚ 3971 ਸੀ। ਵੱਖ-ਵੱਖ ਪਾਰਟੀਆਂ ਦੇ ਮੁਖੀਆਂ ਅਤੇ ਉਮੀਦਵਾਰਾਂ ਨੇ ਆਪਣੀ ਵੋਟ ਦਾ ਇਸ਼ਤੇਮਾਲ ਕਰਦਿਆਂ ਵੋਟਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਵੋਟਾਂ ਪਾਉਣ ਜਾਣ ਲਈ ਅਪੀਲ ਕੀਤੀ ਤਾਂ ਕਿ ਬਰਤਾਨੀਆ ਦਾ ਭਵਿੱਖ ਤੈਅ ਕਰਨ ਲਈ ਆਪੋ ਆਪਣਾ ਯੋਗਦਾਨ ਪਾਇਆ ਜਾ ਸਕੇ। ਇਨ੍ਹਾਂ ਚੋਣਾਂ ਵਿਚ ਸਭ ਤੋਂ ਛੋਟੀ ਉਮਰ ਦੀ ਉਮੀਦਵਾਰ ਵਜੋਂ ਹਾਰਨਚਰਚ ਐਂਡ ਅਪਮਿਨਸਟਰ ਤੋਂ 24 ਸਾਲਾ ਟੈਲੇ ਲਾਵਲ ਚੋਣ ਲੜ ਰਹੀ ਹੈ।

ਭਾਰਤੀ ਮੂਲ ਦੇ ਲੋਕ ਬਨਾਮ ਆਮ ਚੋਣਾਂ
ਇਨ੍ਹਾਂ ਚੋਣਾਂ ਵਿਚ ਭਾਰਤੀ ਚੋਣਾਂ ਦਾ ਪ੍ਰਛਾਵਾਂ ਨਜ਼ਰੀਂ ਪੈਂਦਾ ਆਮ ਹੀ ਮਹਿਸੂਸ ਹੋ ਰਿਹਾ ਜਾਪਦਾ ਸੀ। ਪ੍ਰਚਾਰ ਵੇਲੇ ਉਮੀਦਵਾਰਾਂ ਵੱਲੋਂ ਵੱਖ-ਵੱਖ ਭਾਰਤੀ ਧਾਰਮਿਕ ਅਸਥਾਨਾਂ ਤੱਕ ਪਹੁੰਚ ਬਣਾਉਣ ਨੂੰ ਵੀ ਆਪਣੇ ਪ੍ਰਚਾਰ ਢੰਗ ਦਾ ਹਿੱਸਾ ਬਣਾਇਆ ਗਿਆ। ਮੰਦਰ, ਗੁਰਦੁਆਰਿਆਂ ਤੱਕ ਪਹੁੰਚ ਬਣਾ ਕੇ ਵੋਟਾਂ ਹਥਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਭਾਰਤੀ ਭਾਈਚਾਰੇ ਵਿਚ ਵਿਚਰਦਿਆਂ ਉਨ੍ਹਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਰਤ ਅਤੇ ਉਨ੍ਹਾਂ ਦੀ ਪਾਰਟੀ ਦਾ ਬਹੁਤ ਗੂੜ੍ਹਾ ਸਬੰਧ ਹੈ।

ਭਾਰਤੀ ਮੂਲ ਦੇ ਉਮੀਦਵਾਰ
ਇਨ੍ਹਾਂ ਚੋਣਾਂ ਵਿਚ ਭਾਰਤੀ ਮੂਲ ਦੇ 17 ਉਮੀਦਵਾਰਾਂ ਵਿੱਚੋਂ 15 ਉਮੀਦਵਾਰ ਪੰਜਾਬੀ ਮੂਲ ਦੇ ਹਨ। ਭਾਰਤੀ ਮੂਲ ਦੇ ਉਮੀਦਵਾਰਾਂ ਵਿੱਚੋਂ ਗ੍ਰਹਿ ਮੰਤਰੀ ਰਹਿ ਚੁੱਕੀ ਪ੍ਰੀਤੀ ਪਟੇਲ, ਅਲੋਕ ਸ਼ਰਮਾ ਹਨ ਜਦੋਂਕਿ ਪੰਜਾਬੀ ਮੂਲ ਦੇ ਉਮੀਦਵਾਰਾਂ ਵਿਚ ਸਲੋਅ ਤੋਂ ਤਨਮਨਜੀਤ ਸਿੰਘ ਢੇਸੀ, ਸਾਊਥਾਲ ਈਲਿੰਗ ਤੋਂ ਵੀਰੇਂਦਰ ਸ਼ਰਮਾ, ਐਜ਼ਬਾਸਟਨ ਤੋਂ ਪ੍ਰੀਤ ਕੌਰ ਗਿੱਲ, ਪੈਲਥਮ ਹੈਸਟਨ ਤੋਂ ਸੀਮਾ ਮਲਹੋਤਰਾ, ਸਲੋਅ ਤੋਂ ਕੰਵਲ ਤੂਰ ਗਿੱਲ, ਵਾਲਸਾਲ ਦੱਖਣੀ ਤੋਂ ਗੁਰਜੀਤ ਕੌਰ ਬੈਂਸ, ਪੂਰਬੀ ਡਨਬਾਰਟਨਸ਼ਾਇਰ ਤੋਂ ਪੈਮ ਕੌਰ ਗੋਸਲ ਬੈਂਸ, ਬਰਮਿੰਘਮ ਹੌਜ ਹਿੱਲ ਤੋਂ ਅਕਾਲ ਸਿੰਘ ਸਿੱਧੂ, ਬਰਿਸਟਲ ਪੱਛਮੀ ਤੋਂ ਸੂਰੀਆ ਕੌਰ ਔਜਲਾ, ਦੱਖਣੀ ਬੈੱਡਫੋਰਡ ਤੋਂ ਨਰਿੰਦਰ ਕੌਰ ਸੇਖੋਂ, ਸਪਿਲਥੋਰਨ ਤੋਂ ਪਵਿੱਤਰ ਕੌਰ ਮਾਨ, ਲੁਡਲੋਅ ਤੋਂ ਕੁਲਦੀਪ ਸਿੰਘ ਸਹੋਤਾ, ਦੱਖਣ ਪੂਰਬੀ ਵੁਲਵਰਹੈਂਪਟਨ ਤੋਂ ਰਾਜ ਝੱਗਰ, ਉੱਤਰੀ ਲੂਟਨ ਤੋਂ ਜੀਤ ਬੈਂਸ, ਉੱਤਰੀ ਲੂਟਨ ਤੋਂ ਸੁਧੀਰ ਸ਼ਰਮਾ ਆਦਿ ਆਪਣੀ ਕਿਸਮਤ ਅਜ਼ਮਾ ਰਹੇ ਹਨ। ਬਰਤਾਨੀਆ ਦੇ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਵੋਟਾਂ ਪੈਣ ਉਪਰੰਤ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਭਾਰਤ ਵਿਚ 13 ਦਸੰਬਰ ਦਾ ਸੂਰਜ ਚੜ੍ਹਨ ਤੋਂ ਬਾਅਦ ਹੀ ਬਰਤਾਨੀਆ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਚੁੱਕਿਆ ਹੋਵੇਗਾ।

Baljit Singh

This news is Content Editor Baljit Singh