ਬ੍ਰਿਸਬੇਨ 'ਚ ਕੂੜੇ ਨਾਲ ਭਰਿਆ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ, ਡਰਾਈਵਰ ਦੀ ਮੌਤ

02/14/2018 1:38:45 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ 'ਚ ਬੁੱਧਵਾਰ ਦੀ ਸਵੇਰ ਨੂੰ ਇਕ ਕੂੜੇ ਨਾਲ ਭਰਿਆ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿਚ ਟਰੱਕ ਡਰਾਈਵਰ ਦੀ ਮੌਤ ਹੋ ਗਈ। ਪੁਲਸ ਮੁਤਾਬਕ ਟਰੱਕ ਦੀ ਇਕ ਕੈਂਪਿੰਗ ਸਟੋਰ ਦੀ ਇਮਾਰਤ ਨਾਲ ਟੱਕਰ ਹੋ ਗਈ, ਜਿਸ ਕਾਰਨ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਹ ਹਾਦਸਾ ਬ੍ਰਿਸਬੇਨ ਦੇ ਲੁਟਵੀਸ਼ੇ ਰੋਡ 'ਤੇ 10.00 ਵਜੇ ਦੇ ਕਰੀਬ ਵਾਪਰਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਮਾਰਤ ਅੰਦਰ 5 ਲੋਕ ਮੌਜੂਦ ਸਨ, ਜਿਨ੍ਹਾਂ 'ਚ 2 ਵਰਕਰ ਵੀ ਸ਼ਾਮਲ ਹਨ।

ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਜ਼ਖਮੀਆਂ ਰਾਇਲ ਬ੍ਰਿਸਬੇਨ ਵੂਮੈਨ ਹਸਤਪਾਲ 'ਚ ਭਰਤੀ ਕਰਾਇਆ ਗਿਆ।  ਕੁਈਨਜ਼ਲੈਂਡ ਫਾਇਰ ਅਤੇ ਐਮਰਜੈਂਸੀ ਸਰਵਿਸੇਜ਼ ਇੰਸਪੈਕਟਰ ਰਿਚਰਡ ਨੇ ਕਿਹਾ ਕਿ ਉਨ੍ਹਾਂ ਨੂੰ ਇਮਾਰਤ ਦਾ ਕੁਝ ਢਾਂਚਾ ਡਿੱਗਣ ਦੀ ਰਿਪੋਰਟ ਮਿਲੀ। ਇੰਸਪੈਕਟਰ ਨੇ ਕਿਹਾ ਕਿ ਇਹ ਦੋ ਮੰਜ਼ਲਾਂ ਇਮਾਰਤ ਸੀ ਅਤੇ ਖੁਸ਼ਕਿਸਮਤੀ ਇਹ ਰਹੀ ਕਿ ਹੋਰ ਲੋਕ ਇਸ ਹਾਦਸੇ 'ਚ ਜ਼ਖਮੀ ਨਹੀਂ ਹੋਏ ਹਨ।