ਜੀ-7 ਸੰਮੇਲਨ ਤੋਂ ਬੌਖਲਾਇਆ ਚੀਨ, ਕਿਹਾ ਹੁਣ ''ਛੋਟੇ ਦੇਸ਼'' ਦੁਨੀਆ ''ਤੇ ਨਹੀਂ ਕਰਦੇ ਰਾਜ

06/14/2021 7:30:44 PM

ਬੀਜਿੰਗ (ਬਿਊਰੋ): ਦੱਖਣੀ-ਪੱਛਮੀ ਇੰਗਲੈਂਡ ਦੇ ਕਾਰਬਿਸ ਬੇਅ ਵਿਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਜੀ-7 ਦੇਸ਼ਾਂ ਦੇ ਸੰਮੇਲਨ ਤੋਂ ਚੀਨ ਬੁਰੀ ਤਰ੍ਹਾਂ ਬੌਖਲਾ ਗਿਆ ਹੈ। ਲੰਡਨ ਵਿਚ ਚੀਨੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ,''ਉਹ ਸਮਾਂ ਬਹੁਤ ਪਹਿਲਾਂ ਬੀਤ ਗਿਆ ਜਦੋਂ ਦੇਸ਼ਾਂ ਦੇ ਛੋਟੇ ਸਮੂਹ ਗਲੋਬਲ ਫ਼ੈਸਲੇ ਲਿਆ ਕਰਦੇ ਸਨ। ਅਸੀਂ ਹਮੇਸ਼ਾ ਇਹ ਮੰਨਦੇ ਆਏ ਹਾਂ ਕਿ ਦੇਸ਼ ਵੱਡਾ ਹੋਵੇ ਜਾਂ ਛੋਟਾ, ਮਜ਼ਬੂਤ ਹੋਵੇ ਜਾਂ ਕਮਜ਼ੋਰ, ਗਰੀਬ ਹੋਵੇ ਜਾਂ ਅਮੀਰ ਸਾਰੇ ਬਰਾਬਰ ਹਨ।'' 

ਜੀ-7 ਨੇਤਾਵਾਂ ਨੇ ਚੀਨ ਦੀ ਗਲੋਬਲ ਮੁਹਿੰਮ ਦੇ ਨਾਲ ਮੁਕਾਬਲਾ ਕਰਨ ਲਈ ਇਕ ਬੁਨਿਆਦੀ ਢਾਂਚਾ ਯੋਜਨਾ ਦਾ ਉਦਘਾਟਨ ਕੀਤਾ ਪਰ ਫਿਲਹਾਲ ਇਸ 'ਤੇ ਸਹਿਮਤੀ ਨਹੀਂ ਬਣ ਸਕੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਚੀਨ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਜੀ-7 ਸਿਖਰ ਸੰਮੇਲਨ ਵਿਚ ਲੋਕਤੰਤਰੀ ਦੇਸ਼ਾਂ 'ਤੇ ਬੰਧੂਆ ਮਜ਼ਦੂਰੀ ਪ੍ਰਥਾਵਾਂ ਨੂੰ ਲੈ ਕੇ ਚੀਨ ਦੇ ਬਾਈਕਾਟ ਦਾ ਦਬਾਅ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉੱਥੇ ਸ਼ਨੀਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ਨੂੰ ਲੈ ਕੇ ਹੋਈ ਚਰਚਾ ਦੀ ਅਗਵਾਈ ਕੀਤੀ। ਉਹਨਾਂ ਨੇ ਸਾਰੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਚੀਨ ਵੱਲੋਂ ਵੱਧਦੇ ਖਤਰੇ ਨੂੰ ਰੋਕਣ ਲਈ ਸੰਯਕੁਤ ਕਦਮ ਚੁੱਕਣ। 

ਪੜ੍ਹੋ ਇਹ ਅਹਿਮ ਖਬਰ-  ਜੀ-7 ਸੰਮੇਲਨ ਸੰਪੰਨ, ਸਮੂਹ ਨੇ ਟੀਕਾਕਰਨ ਅਤੇ ਜਲਵਾਯੂ ਤਬਦੀਲੀ 'ਤੇ ਕਦਮ ਚੁੱਕਣ ਦੀ ਕੀਤੀ ਅਪੀਲ

ਇੱਥੇ ਦੱਸ ਦਈਏ ਕਿ ਜੀ-7 ਦੇਸ਼ ਵਿਕਾਸਸ਼ੀਲ ਦੇਸ਼ਾਂ ਨੂੰ ਅਜਿਹੇ ਬੁਨਿਆਦੀ ਢਾਂਚੇ ਦੀ ਯੋਜਨਾ ਦਾ ਹਿੱਸਾ ਬਣਾਉਣ ਦਾ ਪ੍ਰਸਤਾਵ ਦੇਣ ਦੀ ਯੋਜਨਾ ਬਣਾ ਰਹੇ ਹਨ। ਜੋ ਚੀਨ ਦੀ ਅਰਬਾਂ ਡਾਲਰ ਵਾਲੇ ਬੈਲਟ ਐਂਡ ਰੋਡ ਐਨੀਸ਼ੀਏਟਿਵ ਪ੍ਰਾਜੈਕਟ ਨੂੰ ਟੱਕਰ ਦੇ ਸਕੇ। ਦੱਖਣੀ ਪੱਛਮੀ ਇੰਗਲੈਂਡ ਦੇ ਕਾਰਬਿਸ ਬੇਅ ਵਿਚ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਇਹ ਸੰਮੇਲਨ ਐਤਵਾਰ ਨੂੰ ਸੰਪੰਨ ਹੋਇਆ। ਜੀ-7 ਦੇਸ਼ ਕੈਨੇਡਾ, ਫਰਾਂਸ ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਦਾ ਇਕ ਸਮੂਹ ਹੈ।ਸ਼ਨੀਵਾਰ ਨੂੰ ਪੀ.ਐੱਮ. ਨਰਿੰਦਰ ਮੋਦੀ ਨੇ ਵੀ ਵੀਡੀਓ ਕਾਨਫਰੇਸਿੰਗ ਜ਼ਰੀਏ ਜੀ-7 ਦੇਸ਼ਾਂ ਦੇ ਇਸ ਸੰਮੇਲਨ ਵਿਚ ਹਿੱਸਾ ਲਿਆ ਸੀ। ਪ੍ਰਧਾਨ ਮੰਤਰੀ ਇਸ ਦੌਰਾਨ 'ਇਕ ਧਰਤੀ ਇਕ ਸਿਹਤ' ਦਾ ਨਾਅਰਾ ਦਿੱਤਾ ਜਿਸ ਦਾ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਸਮਰਥਨ ਕੀਤਾ। 

ਨੋਟ- ਜੀ-7 ਸੰਮੇਲਨ ਤੋਂ ਬੌਖਲਾਇਆ ਚੀਨ, ਕਿਹਾ ਹੁਣ 'ਛੋਟੇ ਦੇਸ਼' ਦੁਨੀਆ 'ਤੇ ਨਹੀਂ ਕਰਦੇ ਰਾਜ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana