ਫਰਿਜ਼ਨੋ ''ਚ ਕੋਰੋਨਾ ਦੇ ਮਾਮਲੇ 30 ਹਜ਼ਾਰ ਤੋਂ ਪਾਰ, ਮੌਤਾਂ ਦਾ ਅੰਕੜਾ ਵੀ ਵਧਿਆ

10/18/2020 10:15:35 AM

ਫਰਿਜ਼ਨੋ, (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ)- ਇਸ ਹਫ਼ਤੇ ਵਾਇਰਸ ਦੇ ਮਾਮਲਿਆਂ ਵਿਚ ਤਾਜ਼ਾ ਵਾਧਾ ਹੋਣ ਨਾਲ ਫਰਿਜ਼ਨੋ ,ਰਾਜ ਦੇ ਰੰਗ-ਕੋਡ ਵਾਲੀ ਕੋਰੋਨਾ ਵਾਇਰਸ ਯੋਜਨਾ ਵਿਚ ਲਾਲ ਰੰਗ ਦੇ ਦਾਇਰੇ ਵਿਚ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕੋਵਿਡ-19 ਨਾਲ ਹੋਈਆਂ 5 ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਮਾਰਚ ਤੋਂ ਮਹਾਮਾਰੀ ਫੈਲਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 429 ਹੋ ਗਈ ਹੈ।

ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ  77 ਨਵੇਂ ਮਾਮਲੇ ਦਰਜ ਹੋਣ ਨਾਲ ਫਰਿਜ਼ਨੋ ਵਿਚ ਕੋਰੋਨਾ ਵਾਇਰਸ ਦੇ ਕੁੱਲ 29,727 ਮਾਮਲੇ ਹੋ ਗਏ ਹਨ ਜਦਕਿ 19,612 ਲੋਕ ਠੀਕ ਵੀ ਹੋਏ ਹਨ। ਇਸ ਸੰਬੰਧ ਵਿਚ ਫਰਿਜ਼ਨੋ ਕਾਉਂਟੀ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਦੇ ਰਹਿਣ। 

ਇਸ ਤੋਂ ਇਲਾਵਾ ਫਰਿਜ਼ਨੋ ਕਾਊਂਟੀ ਵਿਭਾਗ ਦੇ ਡਿਪਟੀ ਡਾਇਰੈਕਟਰ ਡੇਵਿਡ ਲੂਚੀਨੀ ਅਨੁਸਾਰ ਵੀ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਖੇਤਰ ਦੇ ਕੁਝ ਵੱਡੇ ਸਕੂਲ ਆਉਣ ਵਾਲੇ ਹਫ਼ਤਿਆਂ ਵਿਚ ਮੁੜ ਖੁੱਲ੍ਹ ਸਕਦੇ ਹਨ ਪਰ ਇਸ ਬਾਰੇ ਅਜੇ ਕੋਈ ਤਾਰੀਖ਼ ਨਿਰਧਾਰਿਤ ਨਹੀਂ ਕੀਤੀ ਗਈ ਹੈ। ਇੰਨਾ ਹੀ ਨਹੀਂ ਕੈਲੇਫੋਰਨੀਆ ਵਿਚ ਵੀ ਮੌਤਾਂ ਦੀ ਗਿਣਤੀ ਅਗਲੇ ਹਫਤੇ ਤੱਕ 17,000 ਤੱਕ ਪਹੁੰਚਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਮਾਰਚ ਤੋਂ ਲੈ ਕੇ ਹੁਣ ਤੱਕ ਕੋਵਿਡ -19 ਨਾਲ ਕੈਲੇਫੋਰਨੀਆਂ ਵਿਚ 16,830 ਮੌਤਾਂ ਹੋਈਆਂ ਹਨ।
 

Lalita Mam

This news is Content Editor Lalita Mam