ਫਰਾਂਸ ਦੀ ਅਦਾਲਤ ਨੇ ਕੈਨੇਡੀਅਨ ਪ੍ਰੋਫੈਸਰ ਹਸਨ ਨੂੰ ਕੀਤਾ ਰਿਹਾਅ

01/14/2018 2:54:51 AM

ਪੈਰਿਸ— ਕੈਨੇਡਾ ਦੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਹਸਨ ਦੀਆਬ ਨੂੰ ਅੱਤਵਾਦ ਦੇ ਦੋਸ਼ ਹਟਾਏ ਜਾਣ ਮਗਰੋਂ ਸ਼ੁੱਕਰਵਾਰ ਨੂੰ ਫਰਾਂਸ ਦੀ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਹਸਨ 'ਤੇ 1980 'ਚ ਪੈਰਿਸ ਸਿਨਾਗੋਗ ਬੰਬ ਧਮਾਕੇ ਦੇ ਦੋਸ਼ ਸਨ। ਇਸ ਬੰਬ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ 40 ਲੋਕ ਜ਼ਖਮੀ ਹੋਏ ਸਨ। ਇਸ ਮਾਮਲੇ 'ਚ ਹਸਨ 'ਤੇ ਫਰਸਟ ਡਿਗਰੀ ਕਤਲ ਦੇ ਦੋਸ਼  ਲੱਗੇ ਸਨ। ਹਸਨ ਦੀਆਬ ਨੂੰ 2008 'ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ 2014 'ਚ ਫਰਾਂਸ ਨੂੰ ਸੁਪਰਦ ਕਰ ਦਿੱਤਾ ਗਿਆ। ਜਿਥੇ ਉਹ ਪਿਛਲੇ 3 ਸਾਲਾਂ ਤੋਂ ਜੇਲ 'ਚ ਬੰਦ ਸੀ। 64 ਸਾਲਾਂ ਹਸਨ ਦੀਆਬ ਹਮੇਸ਼ਾ ਇਹ ਗੱਲ ਕਹਿੰਦਾ ਆਇਆ ਹੈ ਕਿ ਉਹ ਬੇਕਸੂਰ ਹੈ ਤੇ ਬੰਬ ਧਮਾਕੇ ਦੀ ਘਟਨਾ ਵੇਲੇ ਉਹ ਲੇਬਨਾਨ 'ਚ ਸੀ। ਆਪਣੀ ਰਿਹਾਈ ਲਈ ਇਸ ਤੋਂ ਪਹਿਲਾਂ ਹਸਨ ਦੀਆਂ ਅੱਠ ਕੋਸ਼ਿਸ਼ਾਂ ਫੇਲ ਹੋ ਗਈਆਂ ਸਨ ਪਰ ਸ਼ੁੱਕਰਵਾਰ ਨੂੰ ਫਰਾਂਸ  ਦੇ ਮੈਜਿਸਟ੍ਰੇਟ ਨੇ ਫੈਸਲਾ ਸੁਣਾਇਆ ਕਿ ਹਸਨ 'ਤੇ ਅਪਰਾਧਕ ਦੋਸ਼ਾਂ ਨਾਲ ਅੱਗੇ ਵਧਣ ਲਈ ਢੁੱਕਵੇ ਸਬੂਤ ਨਹੀਂ ਹਨ ਤੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਅੱਤਵਾਦ ਦੇ ਦੋਸ਼ਾਂ ਤੋਂ ਮੁਕਤ ਕੀਤਾ ਜਾਂਦਾ ਹੈ। ਹਸਨ ਦੀਆਬ ਦੇ ਕੈਨੇਡੀਅਨ ਵਕੀਲ ਡੋਨਾਲਡ ਬਾਇਨੇ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਸਨ ਦੀ ਹਿਰਾਈ ਲਈ ਯਤਨ ਕੀਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ। ਪਰ ਨਾਲ ਹੀ ਵਕੀਲ ਨੇ ਕਿਹਾ ਕਿ ਹਸਨ ਦੀਆਬ ਦੀਆਂ ਮੁਸ਼ਕਿਲਾਂ ਹਾਲੇ ਖਤਮ ਨਹੀਂ ਹੋਇਆਂ ਕਿਉਂਕਿ ਵਿਰੋਧੀ ਧਿਰ ਦੇ ਵਕੀਲ ਹਸਨ ਦੀ ਰਿਹਾਈ ਦੇ ਫੈਸਲੇ ਨੂੰ ਉੱਚ ਅਦਾਲਤ 'ਚ ਚੁਣੌਤੀ ਦੇਣਗੇ।