ਫਰਾਂਸ ਦੇ ਸਿਹਤ ਮੰਤਰੀ ਦਾ ਦਾਅਵਾ- ''ਕੋਰੋਨਾ ''ਤੇ ਕਾਬੂ ਪਾਉਣ ਦੀ ਤਿਆਰੀ ''ਚ ਦੇਸ਼''

11/17/2020 9:11:52 PM

ਪੈਰਿਸ- ਫਰਾਂਸ ਦੇ ਸਿਹਤ ਮੰਤਰੀ ਓਲੀਵਿਅਰ ਵੈਰਨ ਨੇ ਕਿਹਾ ਕਿ ਦੇਸ਼ ਹੌਲੀ-ਹੌਲੀ ਕੋਵਿਡ-19 'ਤੇ ਕਾਬੂ ਪਾ ਰਿਹਾ ਹੈ, ਜੋ ਅਜੇ ਵੀ ਕਿਰਿਆਸ਼ੀਲ ਹੈ ਪਰ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਵਿਚ ਗਿਰਾਵਟ ਜਾਰੀ ਹੈ। 

ਵੈਰਨ ਨੇ ਮੰਗਲਵਾਰ ਨੂੰ ਦੱਸਿਆ ਕਿ ਵਾਇਰਸ ਦਾ ਪ੍ਰਸਾਰ ਅਕਤੂਬਰ ਦੀ ਤੁਲਨਾ ਵਿਚ ਕਾਫੀ ਘੱਟ ਹੋਇਆ ਹੈ, ਜਦ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਰਫਿਊ ਅਤੇ ਰਾਸ਼ਟਰ ਪੱਧਰੀ ਤਾਲਾਬੰਦੀ ਲਾਗੂ ਕੀਤੀ ਗਈ ਸੀ। ਵੈਰਨ ਨੇ ਕਿਹਾ, "ਅਸੀਂ ਅਜੇ ਵੀ ਵਾਇਰਸ ਦੇ ਸੰਕਰਮਣ ਦੀ ਲਪੇਟ ਵਿਚ ਹਾਂ ਪਰ ਅਸੀਂ ਮਹਾਮਾਰੀ ਦੀ ਗਤੀਸ਼ੀਲਤਾ 'ਤੇ ਕੰਟਰੋਲ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਵੀ ਹਾਂ।" 

ਇਸ ਦਾ ਮਤਲਬ ਹੈ ਕਿ ਸਰਕਾਰ ਵਲੋਂ ਚੁੱਕੇ ਗਏ ਕਦਮ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਾਲਾਬੰਦੀ ਨੂੰ ਹਟਾਏ ਜਾਣ ਅਤੇ ਵਪਾਰਾਂ ਨੂੰ ਫਿਰ ਤੋਂ ਸੰਚਾਲਿਤ ਕਰਨ ਵਿਚ ਸਮਰੱਥ ਹੋਣ ਦੀ ਸਿਹਤ ਦੀ ਸਥਿਤੀ ਅਜੇ ਵੀ ਅਨਿਸ਼ਚਿਤ ਹੈ। ਇਸ ਵਿਚਕਾਰ, ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਦੇ ਮੁਕਾਬਲੇ ਵਾਇਰਸ ਦੇ ਸੰਕਰਮਣ ਦੀ ਦਰ ਵਿਚ ਕਮੀ ਦੇਖੀ ਹੈ, ਜਿਸ ਵਿਚ ਸੋਮਵਾਰ ਨੂੰ 9,406 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਕਿ ਰੋਜ਼ਾਨਾ ਦੇ ਮਾਮਲਿਆਂ ਦੀ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਹੈ। 

ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੀ ਦੂਜੀ ਲਹਿਰ ਸ਼ੁਰੂ ਹੋਈ ਹੈ। ਮੰਗਲਵਾਰ ਤੱਕ ਫਰਾਂਸ ਵਿਚ ਕੋਰੋਨਾ ਨਾਲ 45,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ ਤਕਰੀਬਨ 20 ਲੱਖ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ।
 

Sanjeev

This news is Content Editor Sanjeev