ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨਾਲ ਗੱਲਬਾਤ ਲਈ ਪੈਰਿਸ ਪੁੱਜੇ ਲੇਬਨਾਨ ਦੇ ਪ੍ਰਧਾਨ ਮੰਤਰੀ ਹਰੀਰੀ

11/18/2017 4:42:02 PM

ਪੈਰਿਸ(ਬਿਊਰੋ)— ਲੇਬਨਾਨ ਦੇ ਪ੍ਰਧਾਨ ਮੰਤਰੀ ਸਾਦ-ਅਲ-ਹਰੀਰੀ ਫ਼ਰਾਂਸ ਦੇ ਰਾਸ਼ਟਰਪਤੀ ਈਮੇਨੁਏਲ ਮੈਕਰੋਨ ਨਾਲ ਗੱਲਬਾਤ ਕਰਨ ਲਈ ਸ਼ਨੀਵਾਰ ਨੂੰ ਇੱਥੇ ਪੁੱਜੇ। ਇਹ ਜਾਣਕਾਰੀ ਹਰੀਰੀ ਦੇ ਪ੍ਰੈਸ ਦਫ਼ਤਰ ਨੇ ਦਿੱਤੀ ਹੈ। ਹਰੀਰੀ ਨੇ ਸਾਊਦੀ ਅਰਬ ਵਿਚ 4 ਨਵੰਬਰ ਨੂੰ ਲੇਬਨਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ ਲੇਬਨਾਨ ਸੰਕਟ ਨਾਲ ਘਿਰ ਗਿਆ। ਹਰੀਰੀ ਦੁਪਹਿਰ ਨੂੰ ਮੈਕਰੋਨ ਨਾਲ ਮੁਲਾਕਾਤ ਕਰਨਗੇ। ਬਾਅਦ ਵਿਚ ਉਹ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦਾ ਵੱਡਾ ਬੇਟਾ ਆਪਣੇ ਸਨਮਾਨ ਵਿਚ ਆਯੋਜਿਤ ਦੁਪਹਿਰ ਦੇ ਭੋਜਨ ਵਿਚ ਸ਼ਾਮਲ ਹੋਣਗੇ।
ਮੈਕਰਾਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਲੇਬਨਾਨ ਦੇ ਪ੍ਰਧਾਨ ਮੰਤਰੀ ਹਰੀਰੀ ਦਾ ਸ਼ਨੀਵਾਰ ਨੂੰ ਸਵਾਗਤ ਕਰਨਗੇ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ, ਹਫਤਿਆਂ ਵਿਚ ਉਹ ਬੇਰੂਤ ਵਾਪਸ ਪਰਤਣਗੇ। ਹਰੀਰੀ ਦੇ ਅਚਾਨਕ ਅਸਤੀਫੇ ਅਤੇ ਸਾਊਦੀ ਅਰਬ ਵਿਚ ਲਗਾਤਾਰ ਠਹਿਰਣ ਕਾਰਨ ਲੇਬਨਾਨ ਦੀ ਸਥਿਰਤਾ ਖਤਰੇ ਵਿਚ ਪੈ ਗਈ ਹੈ। ਹਰੀਰੀ ਦੇ ਆਪਣੇ ਪਰਿਵਾਰ ਨਾਲ ਫ਼ਰਾਂਸ ਦੌਰੇ ਨੂੰ ਸੰਕਟ ਤੋਂ ਬਾਹਰ ਕੱਢਣ ਦੀ ਸੰਭਾਵਨਾ ਦੇ ਤੌਰ ਉੱਤੇ ਦੇਖਿਆ ਜਾ ਰਿਹਾ ਹੈ। ਹਿਜਬੁੱਲਾਹ ਦੇ ਰਾਜਨੀਤਕ ਸਹਿਯੋਗੀ ਰਾਸ਼ਟਰਪਤੀ ਮਾਈਕਲ ਆਨ ਨੇ ਹਰੀਰੀ ਨੂੰ ਇਕ ਸਾਊਦੀ ਬੰਧਕ ਦੱਸਿਆ ਅਤੇ ਉਨ੍ਹਾਂ ਦੇ ਲੇਬਨਾਨ ਪਰਤਣ ਤੱਕ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰਨ ਤੋਂ ‍ਮਨਾ ਕਰ ਦਿੱਤਾ। ਸਾਊਦੀ ਅਰਬ ਅਤੇ ਹਰੀਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਤੀਵਿਧੀਆਂ ਉੱਤੇ ਕੋਈ ਰੋਕ ਨਹੀਂ ਹੈ।