ਫਰਾਂਸ : ਕੋਰੋਨਾਵਾਇਰਸ ਨਾਲ ਪਹਿਲੇ ਫ੍ਰਾਂਸੀਸੀ ਨਾਗਰਿਕ ਦੀ ਮੌਤ

02/26/2020 7:23:06 PM

ਪੈਰਿਸ - ਫਰਾਂਸ ਦੇ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ 60 ਸਾਲ ਦੇ ਇਕ ਵਿਅਕਤੀ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ। ਕੋਰੋਨਾਵਾਇਰਸ ਨਾਲ ਫ੍ਰਾਂਸੀਸੀ ਨਾਗਰਿਕ ਦੀ ਇਹ ਪਹਿਲੀ ਮੌਤ ਹੈ। ਸਿਹਤ ਮੰਤਰਾਲੇ ਦੇ ਉਪ ਪ੍ਰਮੁੱਖ ਜੇਰੋਮ ਸਲੋਮੋਨ ਨੇ ਦੱਸਿਾ ਕਿ ਬਜ਼ੁਰਗ ਵਿਅਕਤੀ ਦੀ ਗੰਭੀਰ ਅਵਸਥਾ ਵਿਚ ਮੰਗਲਵਾਰ ਦੀ ਸ਼ਾਮ ਪੈਰਿਸ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮੌਤ ਨਾਲ ਵਾਇਰਸ ਕਾਰਨ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2 ਹੋ ਗਈ ਹੈ।

ਕੋਰੋਨਾਵਾਇਰਸ ਨਾਲ ਮਰਨ ਵਾਲਾ ਪਹਿਲਾ ਵਿਅਕਤੀ 80 ਸਾਲ ਦਾ ਚੀਨੀ ਸੈਲਾਨੀ ਸੀ। ਉਸ ਦੀ ਮੌਤ ਮੱਧ ਫਰਵਰੀ ਵਿਚ ਹੋਈ ਸੀ। ਫਰਾਂਸ ਵਿਚ ਪਿਛਲੇ 24 ਘੰਟਿਆਂ ਵਿਚ 4 ਹੋਰ ਲੋਕ ਪੀਡ਼ਤ ਪਾਏ ਗਏ ਹਨ। ਇਨ੍ਹਾਂ ਵਿਚ 2 ਇਟਲੀ ਤੋਂ ਵਾਪਸ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਪੀਡ਼ਤਾਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕਡ਼ੇ ਮੁਤਾਬਕ 11 ਵਿਅਕਤੀ ਇਸ ਬੀਮਾਰੀ ਨਾਲ ਠੀਕ ਹੋ ਚੁੱਕੇ ਹਨ। ਇਸ ਬੀਮਾਰੀ ਕਾਰਨ ਪੂਰੀ ਦੁਨੀਆ ਵਿਚ 2600 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 80 ਹਜ਼ਾਰ ਤੋਂ ਜ਼ਿਆਦਾ ਪੀਡ਼ਤ ਹਨ। ਕੋਵਿਡ-19 ਦਾ ਸਭ ਤੋਂ ਜ਼ਿਆਦਾ ਅਸਰ ਚੀਨ ਵਿਚ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ 4 ਨਵੇਂ ਮਾਮਲਿਆਂ ਵਿਚੋਂ ਇਕ ਦਾ ਇਲਾਜ ਏਮਿੰਸ ਸ਼ਹਿਰ ਵਿਚ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 55 ਸਾਲ ਦਾ ਬੀਮਾਰ ਵਿਅਕਤੀ ਗੰਭੀਰ ਹਾਲਤ ਵਿਚ ਹੈ। ਉਨ੍ਹਾਂ ਦੱਸਿਆ ਕਿ 4 ਵਿਚੋਂ 2 ਵਿਅਕਤੀ ਹਾਲ ਹੀ ਵਿਚ ਇਟਲੀ ਦੇ ਲੋਮਬਾਰਦੀਆ ਖੇਤਰ ਤੋਂ ਵਾਪਸ ਆਏ ਹਨ। ਇਹ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਯੂਰਪ ਦਾ ਸਭ ਤੋਂ ਵੱਡਾ ਕੇਂਦਰ ਹੈ ਜਿਥੇ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi