ਫਾਰਚੂਨ ਦੀ ਸੂਚੀ ''ਚ ਤਿੰਨ ਭਾਰਤੀ ਸ਼ਾਮਲ, ਸਿਖਰ ''ਤੇ ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ

11/21/2019 12:20:36 PM

ਨਿਊਯਾਰਕ — Fortune ਦੀ 2019 ਦੀ 'ਦਿ ਬਿਜ਼ਨੈੱਸ ਪਰਸਨ ਆਫ ਦਿ ਈਅਰ' ਸੂਚੀ ਵਿਚ ਭਾਰਤੀ ਮੂਲ ਦੇ 3 ਵਿਅਕਤੀਆਂ ਨੂੰ ਜਗ੍ਹਾ ਮਿਲੀ ਹੈ। ਭਾਰਤ 'ਚ ਪੈਦਾ ਹੋਏ ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਇਸ ਸੂਚੀ 'ਚ ਸਿਖਰ 'ਤੇ ਹੈ। ਮਾਸਟਰਕਾਰਡ ਦੇ CEO ਜੈ ਬੰਗਾ ਅਠੱਵੇਂ ਤੇ ਅਰਿਸ਼ਟਾ ਦੀ ਮੁਖੀ ਜੈਸ਼੍ਰੀ ਉੱਲਾਲ 18ਵੇਂ ਸਥਾਨ 'ਤੇ ਹਨ। Fortune ਦੀ ਸਾਲਾਨਾ ਬਿਜ਼ਨਸ ਪਰਸਨ ਆਫ਼ ਦ ਈਅਰ ਸੂਚੀ 'ਚ ਕਾਰੋਬਾਰ ਜਗਤ ਦੇ 20 ਮਹਾਰਥੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਨਡੇਲਾ ਨੇ 2014 'ਚ ਮਾਈਕ੍ਰੋਸਾਫਟ ਦੀ ਕਮਾਨ ਸੰਭਾਲੀ ਸੀ।

Fortune ਨੇ ਇਹ ਸੂਚੀ ਤਿਆਰ ਕਰਦੇ ਸਮੇਂ 10 ਵਿੱਤੀ ਖੇਤਰਾਂ ਉੱਤੇ ਧਿਆਨ ਦਿੱਤਾ ਹੈ ਜਿਸ 'ਚ ਸ਼ੇਅਰਧਾਰਕਾਂ ਨੂੰ ਮਿਲੇ ਕੁੱਲ ਰਿਟਰਨ ਤੋਂ ਲੈ ਕੇ ਪੂੰਜੀ 'ਤੇ ਮਿਲਿਆ ਰਿਟਰਨ ਤਕ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਬੰਗਾ ਤੇ ਉੱਲਾਲ ਦੋਵੇਂ ਭਾਰਤੀ ਮੂਲ ਦੇ ਹਨ। ਇਸ ਸੂਚੀ 'ਚ ਪਰਥ ਦੀ ਕੰਪਨੀ ਫੋਰਟਸਕਯੂ ਮੈਟਲਜ਼ ਗਰੁੱਪ ਦੀ ਐਲਿਜ਼ਾਬੈਥ ਗੈਨੀਸ ਦੂਜੇ ਸਥਾਨ 'ਤੇ ਤੇ ਪੂਮਾ ਸੀ.ਈ.ਓ. ਬਿਓਰਨ ਗੁਲਡਨ ਪੰਜਵੇਂ ਸਥਾਨ 'ਤੇ ਹੈ। ਜੇਪੀ ਮੋਰਗਨ ਚੇਜ਼ ਦੇ ਸੀ.ਈ.ਓ. ਜੈਮੀ ਡਾਈਮਨ 10 ਵੇਂ, ਐਕਸੇਂਚਰ ਦੇ ਸੀ.ਈ.ਓ. ਜੂਲੀ ਸਵੀਟ 15 ਵੇਂ ਤੇ ਅਲੀਬਾਬਾ ਦੇ ਸੀ.ਈ.ਓ. ਡੈਨੀਅਲ ਝਾਂਗ ਸੋਲਵੇਂ ਸਥਾਨ 'ਤੇ ਹਨ।