ਕੈਨੇਡਾ ਦਾ ਸਾਬਕਾ ਸਿੱਖ MP ਬਣ ਚੁੱਕਾ ਸੀ ''ਗੈਂਬਲਰ'', ਚੋਣ ਨਾ ਲੜਣ ਦੀ ਦੱਸੀ ਇਹ ਵਜ੍ਹਾ

09/20/2019 4:23:04 PM

ਓਟਾਵਾ (ਏਜੰਸੀ)- ਕੈਨੇਡਾ ਵਿਚ ਚੋਣ ਬਿਗੁਲ ਵੱਜ ਚੁੱਕਾ ਹੈ ਅਤੇ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ, ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੂਰੇ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿਚ ਰੁੱਝੀਆਂ ਹੋਈਆਂ ਹਨ। ਉਥੇ ਹੀ ਦੂਜੇ ਪਾਸੇ ਬਰੈਂਪਟਨ ਈਸਟ ਤੋਂ ਮੈਂਬਰ ਆਫ ਪਾਰਲੀਮੈਂਟ ਰਾਜ ਗਰੇਵਾਲ ਨੇ ਚੋਣ ਨਾ ਲੜਣ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਖੁਲਾਸਾ ਸੀ.ਬੀ.ਸੀ. ਨੇ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਾਲ 2018 ਵਿਚ ਰਾਜ ਗਰੇਵਾਲ ਦੀ ਜੂਏ ਦੀ ਆਦਤ ਦੀ ਖਬਰ ਸਾਹਮਣੇ ਆਉਣ ਮਗਰੋਂ ਉਨ੍ਹਾਂ ਲਿਬਰਲ ਕਾਕਸ ਛੱਡ ਦਿੱਤੀ ਸੀ ਤੇ 42ਵੀਂ ਸੰਸਦ ਭੰਗ ਹੋਣ ਤੋਂ ਪਹਿਲਾਂ ਉਹ ਆਜ਼ਾਦ ਐਮ.ਪੀ. ਵਜੋਂ ਵਿਚਰ ਰਹੇ ਸਨ। ਜਾਣਕਾਰੀ ਮੁਤਾਬਕ ਜੂਆ ਖੇਡਣ ਦੀ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਫੈਡਰਲ ਰਾਜਨੀਤੀ ਤੋਂ ਆਰਜ਼ੀ ਤੌਰ 'ਤੇ ਪਾਸੇ ਹੋਏ ਰਾਜ ਗਰੇਵਾਲ ਨੇ ਆਉਣ ਵਾਲੀਆਂ ਫੈਡਰਲ ਚੋਣਾਂ ਵਿਚ ਹਿੱਸਾ ਨਾ ਲੈਣ ਦਾ ਫੈਸਲ ਕੀਤਾ। ਬਰੈਂਪਟਨ ਈਸਟ ਤੋਂ ਸੰਸਦ ਮੈਂਬਰ ਨੇ ਪਿੱਛਲੇ ਸਾਲ ਦਸੰਬਰ ਵਿਚ ਲਿਬਰਲ ਕਾਕਸ ਛੱਡ ਦਿੱਤੀ ਸੀ। ਪ੍ਰਧਾਨ ਮੰਤਰੀ ਦੇ ਦਫਤਰ ਨੇ ਕਿਹਾ ਸੀ ਕਿ ਉਹ ਇਕ ਜੂਏ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਹੈਲਥ ਟਰੀਟਮੈਂਟ ਲੈ ਰਹੇ ਹਨ। ਜੂਏ ਦੀ ਆਦਤ ਕਾਰਨ ਰਾਜ ਗਰੇਵਾਲ 'ਤੇ ਕਾਫੀ ਕਰਜ਼ਾ ਸੀ।

ਐਮ.ਪੀ. ਨੇ ਸੋਸ਼ਲ ਮੀਡੀਆ 'ਤੇ ਬਿਆਨ ਕੀਤੀ ਸੀ ਆਪਣੇ ਗੈਂਬਲਰ ਬਣਨ ਦੀ ਕਹਾਣੀ ਅਤੇ ਮੰਗੀ ਸੀ ਮੁਆਫੀ

ਮਾਮਲਾ ਸਾਹਮਣੇ ਆਉਣ ਮਗਰੋਂ ਗਰੇਵਾਲ ਨੇ ਆਪਣੇ ਫੇਸਬੁੱਕ 'ਤੇ ਪੋਸਟ ਪਾਈ ਸੀ ਤੇ ਜੁਆਰੀ ਬਣਨ ਦੀ ਸਾਰੀ ਕਹਾਣੀ ਬਿਆਨ ਕੀਤੀ ਸੀ। ਉਨ੍ਹਾਂ ਆਪਣੀ ਇਸ ਪੋਸਟ ਵਿਚ ਆਪਣੇ ਪਰਿਵਾਰ ਅਤੇ ਕੈਨੇਡਾ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ ਸੀ। ਗਰੇਵਾਲ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਆਪਣੇ ਉਪਰ ਲੱਗਣ ਵਾਲੇ ਬਲੈਕ ਮਨੀ ਇਕੱਠੀ ਕਰਨ ਅਤੇ ਦਹਿਸ਼ਤੀ ਜਥੇਬੰਦੀਆਂ ਨੂੰ ਫੰਡਿੰਗ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਹਰ ਕਰਜ਼ੇ ਦੀ ਅਦਾਇਗੀ ਚੈੱਕ ਰਾਹੀਂ ਕੀਤੀ ਹੈ।

ਜੂਏ ਦੀ ਸਮੱਸਿਆ ਤੇ ਮਾਨਸਿਕ ਸਿਹਤ ਕਾਰਨ ਦਿੱਤਾ ਅਸਤੀਫਾ : ਐਮ.ਪੀ.
ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੀ ਸਾਰੀ ਉਧਾਰੀ ਮੋੜ ਦਿੱਤੀ ਹੈ ਅਤੇ ਬਿਲਕੁਲ ਪਾਰਦਰਸ਼ੀ ਅਤੇ ਜਾਇਜ਼ ਤਰੀਕੇ ਨਾਲ ਪੈਸੇ ਦਿੱਤੇ ਹਨ। ਗਰੇਵਾਲ ਨੇ ਦੱਸਿਆ ਸੀ ਕਿ ਉਹ ਪੈਸੇ ਦੀ ਵਰਤੋਂ ਸਿਰਫ ਤੇ ਸਿਰਫ ਆਪਣੇ ਐਬ ਦੀ ਪੂਰਤੀ ਲਈ ਹੀ ਵਰਤਦੇ ਸਨ ਨਾ ਕਿ ਹੋਰ ਕਿਸੇ ਵੀ ਸੰਗੀਨ ਕੰਮ ਲਈ। ਗਰੇਵਾਲ ਨੇ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਪਿਛਲੀ ਪੰਜ ਨਵੰਬਰ 2018 ਨੂੰ ਆਪਣੇ ਪਰਿਵਾਰ ਨੂੰ ਆਪਣੀ ਇਸ ਸਮੱਸਿਆ ਬਾਰੇ ਦੱਸਿਆ ਅਤੇ ਫਿਰ 19 ਨਵੰਬਰ ਨੂੰ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਸੂਚਿਤ ਕੀਤਾ। ਉਨ੍ਹਾਂ ਆਪਣੇ ਜੂਏ ਦੀ ਸਮੱਸਿਆ ਤੇ ਮਾਨਸਿਕ ਸਿਹਤ ਦਾ ਹਵਾਲਾ ਦਿੰਦਿਆਂ ਹੀ ਅਸਤੀਫਾ ਦਿੱਤਾ ਸੀ ਨਾ ਕਿ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਕਾਰਨ।

Sunny Mehra

This news is Content Editor Sunny Mehra